ਸਰੀ- ਕੈਨੇਡਾ ਦੇ ਸ਼ਹਿਰ ਸਰੀ ਵਿਚ ਐਤਵਾਰ ਸਵੇਰੇ ਇਕ ਘਰ ਵਿਚ ਅੱਗ ਲੱਗ ਗਈ ਜੋ ਗੁਆਂਢ ਦੇ ਦੋ ਘਰਾਂ ਤਕ ਪੁੱਜ ਗਈ। ਸਥਾਨਕ ਪੁਲਸ ਮੁਤਾਬਕ 126 ਏ ਸਟਰੀਟ ਦੇ 8000 ਬਲਾਕ ਵਿਚ ਸਵੇਰੇ 11.30 ਵਜੇ ਅੱਗ ਲੱਗਣ ਸਬੰਧੀ ਫਾਇਰ ਫਾਈਟਰਜ਼ ਨੂੰ ਦੱਸਿਆ ਗਿਆ। ਲਗਭਗ 20 ਫਾਇਰ ਫਾਈਟਰਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਅੱਗ ਦਾ ਸੇਕ ਕਈ ਘਰਾਂ ਤਕ ਪੁੱਜਾ।

ਆਰ. ਸੀ. ਐੱਮ. ਪੀ. ਮੁਤਾਬਕ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ ਤੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਵਿਚ ਅੱਗ ਲੱਗੀ, ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਪਰ ਉੱਥੇ ਕੋਈ ਵਿਅਕਤੀ ਮੌਜੂਦ ਨਹੀਂ ਸੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਕੁੱਝ ਸਮੇਂ ਲਈ ਲੋਕਾਂ ਨੂੰ ਇਸ ਖੇਤਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਪਹਿਲਾਂ ਇਕ ਘਰ ਦੇ ਉਪਰਲੇ ਹਿੱਸੇ ਨੂੰ ਲੱਗੀ ਸੀ। ਪਲਾਂ ਵਿਚ ਹੀ ਧੂੰਆਂ ਤੇ ਅੱਗ ਫੈਲ ਕੇ ਹੋਰ ਘਰਾਂ ਵੱਲ ਵੱਧ ਗਏ। ਅੱਗ ਦੀਆਂ ਲਪਟਾਂ ਉੱਪਰ ਤੱਕ ਉਡਦੀਆਂ ਦਿਖਾਈ ਦੇ ਰਹੀਆਂ ਸਨ। ਇਸ ਕਾਰਨ ਇਕ ਪਰਿਵਾਰ ਬੇਘਰ ਹੋ ਗਿਆ ਹੈ ਜੋ ਕਈ ਹਫਤਿਆਂ ਤਕ ਆਪਣੇ ਅੰਦਰ ਵਾਪਸ ਨਹੀਂ ਜਾ ਸਕੇਗਾ। ਗੁਆਂਢ ਵਿਚ ਰਹਿੰਦੇ ਇਕ ਵਿਅਕਤੀ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਉਹ ਬਚ ਗਏ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਫਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇੱਥੇ ਅੱਗ ਕਿਵੇਂ ਲੱਗੀ।
ਸਿੰਗਾਪੁਰ 'ਚ 233 ਨਵੇਂ ਮਾਮਲੇ, 59 ਭਾਰਤੀ ਵੀ ਇਨਫੈਕਟਿਡ
NEXT STORY