ਪਾਰਮਾ (ਕੈਂਥ) : ਇਟਲੀ 'ਚ ਇਨ੍ਹੀਂ ਦਿਨੀਂ ਖਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਏ ਜਾ ਰਹੇ ਹਨ। ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਬਾਅਦ ਇਟਲੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਇਟਲੀ ਦੇ ਵੱਖ-ਵੱਖ ਇਲਾਕਿਆਂ 'ਚ ਗੁਰਦੁਆਰਾ ਸਾਹਿਬਾਨਾਂ ਦੀ ਸਥਾਪਨਾ ਹੋ ਚੁੱਕੀ ਹੈ, ਜਿੱਥੇ ਗੁਰਪੁਰਬ ਅਤੇ ਹੋਰ ਵਿਸ਼ੇਸ਼ ਦਿਹਾੜੇ ਬਹੁਤ ਹੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਉੱਥੇ ਹੀ ਇਲਾਕਾ ਨਿਵਾਸੀ ਸੰਗਤਾਂ ਨੂੰ ਵਿਸ਼ੇਸ਼ ਤੌਰ 'ਤੇ ਖਾਲਸੇ ਦੇ ਸਿਰਜਣਾ ਦਿਹਾੜੇ ਅਤੇ ਵਿਸਾਖੀ ਦਾ ਇੰਤਜ਼ਾਰ ਰਹਿੰਦਾ ਹੈ।

ਉੱਤਰੀ ਇਟਲੀ ਦੇ ਪਾਰਮਾ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 26 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਦੀ ਆਰੰਭਤਾ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਤੋਂ 11.00 ਵਜੇ ਹੋਵੇਗੀ ਤੇ ਸ਼ਹਿਰ ਦੀ ਪਰਿਕਰਮਾ ਕਰਦਿਆਂ ਅਤੇ ਗੁਰੂ ਜਸ ਕਰਦਿਆਂ ਸੰਪੂਰਨਤਾ 4.00 ਵਜੇ ਗੁਰਦੁਆਰਾ ਸਾਹਿਬ ਵਿਖੇ ਹੀ ਹੋਵੇਗੀ।
ਇਸ ਮੌਕੇ ਵੱਖ-ਵੱਖ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਗੱਤਕੇ ਵਾਲੇ ਸਿੰਘ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਦਿਖਾਉਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁੰਮ-ਹੁੰਮਾ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸਾਰੇ ਸਮਾਗਮ ਦਾ ਲਾਈਵ ਟੈਲੀਕਾਸਟ ਕਲਤੂਰਾ ਸਿੱਖ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਦੂਰੋਂ ਨੇੜਿਓ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲੇ ਮਗਰੋਂ ਦਹਿਸ਼ਤ 'ਚ ਪਾਕਿਸਤਾਨ! ਅਲਰਟ ਕੀਤੀਆਂ ਸੁਰੱਖਿਆ ਏਜੰਸੀਆਂ
NEXT STORY