ਇੰਟਰਨੈਸ਼ਨਲ ਡੈਸਕ- ਕੈਨੇਡਾ ਤੋ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਕਿਊਬੈਕ ਸੂਬੇ ਵਿੱਚ 5 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੀ 'ਪਾਰਟੀ ਕਿਊਬੈਕੋਇਸ' (PQ) ਦੀ ਨਵੀਂ ਸਰਕਾਰ ਵੱਲੋਂ ਪੇਸ਼ ਕੀਤੀਆਂ ਗਈਆਂ ਇਮੀਗ੍ਰੇਸ਼ਨ ਤਜਵੀਜ਼ਾਂ ਤਹਿਤ ਵਿਦੇਸ਼ੀ ਕਾਮਿਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਈ ਨਿਵਾਸੀਆਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਹ ਨਵੀਆਂ ਤਜਵੀਜ਼ਾਂ ਪੜ੍ਹਾਈ, ਨੌਕਰੀ ਜਾਂ ਪੱਕੇ ਤੌਰ 'ਤੇ ਵਸਣ ਦੀ ਯੋਜਨਾ ਬਣਾ ਰਹੇ ਭਾਰਤੀ ਬਿਨੈਕਾਰਾਂ ਸਮੇਤ ਕਈ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਹਾਲਾਂਕਿ ਇਹ ਪ੍ਰਸਤਾਵ ਅਜੇ ਲਾਗੂ ਨਹੀਂ ਹੋਏ ਹਨ।
ਇਮੀਗ੍ਰੇਸ਼ਨ ਲਾਅ ਫਰਮ 'ਫ੍ਰੈਗੋਮੇਨ' ਅਨੁਸਾਰ ਨਵੰਬਰ ਵਿੱਚ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਆਉਣ ਵਾਲੀ ਸਾਲਾਨਾ ਇਮੀਗ੍ਰੇਸ਼ਨ ਯੋਜਨਾ ਰਾਹੀਂ ਸਰਕਾਰ ਦੇ ਇਨ੍ਹਾਂ ਪ੍ਰਸਤਾਵਾਂ ਨੂੰ ਲਾਗੂ ਕਰਨ ਬਾਰੇ ਪਹਿਲਾ ਰਸਮੀ ਸੰਕੇਤ ਮਿਲੇਗਾ। ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੇ ਅੰਤ ਤੱਕ 'ਪਾਰਟੀ ਕਿਊਬੈਕੋਇਸ' ਕਿਊਬੈਕ ਵਿੱਚ ਗੈਰ-ਸਥਾਈ ਨਿਵਾਸੀਆਂ ਦੀ ਆਬਾਦੀ ਨੂੰ 5 ਲੱਖ ਤੋਂ ਘਟਾ ਕੇ 2.5 ਲੱਖ ਤੋਂ 3 ਲੱਖ ਦੇ ਵਿਚਕਾਰ ਲਿਆਉਣਾ ਚਾਹੁੰਦੀ ਹੈ। ਇਸ ਵਰਗ ਵਿੱਚ ਅਸਥਾਈ ਵਿਦੇਸ਼ੀ ਕਾਮੇ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਦਰਜਾ ਰੱਖਣ ਵਾਲੇ ਹੋਰ ਲੋਕ ਸ਼ਾਮਲ ਹਨ। ਪ੍ਰਸਤਾਵ ਤਹਿਤ 'ਟੈਂਪਰੇਰੀ ਫਾਰੇਨ ਵਰਕਰ ਪ੍ਰੋਗਰਾਮ' ਅਧੀਨ ਕਾਮਿਆਂ ਦਾ ਟੀਚਾ ਮੌਜੂਦਾ 80,000 ਤੋਂ ਘਟਾ ਕੇ ਲਗਭਗ 40,000 ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਹੀ ਮਾਲਕ ਨਾਲ ਬੱਝੇ ਪਰਮਿਟਾਂ ਦੀ ਬਜਾਏ ਖੇਤਰੀ ਜਾਂ ਖੇਤਰ-ਵਿਸ਼ੇਸ਼ ਵਰਕ ਪਰਮਿਟ ਦਿੱਤੇ ਜਾਣਗੇ ਅਤੇ ਖੇਤੀਬਾੜੀ ਖੇਤਰ ਦੀ ਵਿਦੇਸ਼ੀ ਕਾਮਿਆਂ 'ਤੇ ਨਿਰਭਰਤਾ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- UK ਤੋਂ ਭੱਜ ਰਹੇ ਅਰਬਪਤੀ ! ਹੁਣ ਇਨ੍ਹਾਂ ਦੇਸ਼ਾਂ ਦਾ ਵਧਾਉਣਗੇ ਖਜ਼ਾਨਾ, ਦੇਸ਼ ਦੀਆਂ ਨੀਤੀਆਂ 'ਤੇ ਉੱਠੇ ਸਵਾਲ
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰਸਤਾਵਿਤ ਟੀਚਾ ਮੌਜੂਦਾ 1,20,000 ਤੋਂ ਘਟਾ ਕੇ ਲਗਭਗ 50,000 ਕੀਤਾ ਜਾਵੇਗਾ। ਪਾਰਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸਬੰਧਤ ਯੂਨੀਵਰਸਿਟੀ ਫੰਡਿੰਗ ਵਿੱਚ ਬਦਲਾਅ ਅਤੇ ਫ੍ਰੈਂਚ-ਭਾਸ਼ੀ ਅਦਾਰਿਆਂ ਲਈ ਵੱਧ ਸਹਾਇਤਾ ਦਾ ਵੀ ਪ੍ਰਸਤਾਵ ਦਿੱਤਾ ਹੈ। ਨਵੀਂ ਸਰਕਾਰ ਨੇ ਸਾਲਾਨਾ ਪੱਕੀ ਇਮੀਗ੍ਰੇਸ਼ਨ ਦਾ ਟੀਚਾ ਮੌਜੂਦਾ 45,000 ਤੋਂ ਘਟਾ ਕੇ ਲਗਭਗ 35,000 ਕਰਨ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਨੇ ਕਿਊਬੈਕ ਤੋਂ ਬਾਹਰੋਂ ਸਿੱਧੀ ਪੱਕੀ ਆਰਥਿਕ ਇਮੀਗ੍ਰੇਸ਼ਨ 'ਤੇ ਰੋਕ ਲਗਾਉਣ ਦੀ ਤਜਵੀਜ਼ ਦਿੱਤੀ ਹੈ, ਜਿਸ ਤਹਿਤ ਸੂਬੇ ਵਿੱਚ ਪਹਿਲਾਂ ਤੋਂ ਰਹਿ ਰਹੇ ਅਸਥਾਈ ਨਿਵਾਸੀਆਂ ਵਿੱਚੋਂ ਹੀ ਆਰਥਿਕ ਇਮੀਗ੍ਰੈਂਟਸ ਦੀ ਚੋਣ ਕੀਤੀ ਜਾਵੇਗੀ। ਇਸ ਨਾਲ ਵਿਦੇਸ਼ਾਂ ਤੋਂ ਸਿੱਧਾ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ, ਜਦੋਂ ਕਿ ਕਿਊਬੈਕ ਵਿੱਚ ਪਹਿਲਾਂ ਤੋਂ ਰਹਿ ਰਹੇ ਉਮੀਦਵਾਰਾਂ ਨੂੰ ਪਹਿਲ ਮਿਲੇਗੀ।
'ਫ੍ਰੈਗੋਮੇਨ' ਅਨੁਸਾਰ, ਪਹਿਲਾਂ ਤੋਂ ਮੌਜੂਦ ਬਿਨੈਕਾਰਾਂ ਨੂੰ ਪਹਿਲ ਦੇਣਾ ਮੌਜੂਦਾ ਰੁਝਾਨ ਦੇ ਅਨੁਕੂਲ ਹੀ ਹੈ। ਜ਼ਿਕਰਯੋਗ ਹੈ ਕਿ ਕਿਊਬੈਕ ਦੇ ਮੌਜੂਦਾ 2026-2029 ਇਮੀਗ੍ਰੇਸ਼ਨ ਢਾਂਚੇ ਵਿੱਚ ਪਹਿਲਾਂ ਹੀ ਸਾਲਾਨਾ 45,000 ਪੱਕੇ ਨਿਵਾਸੀਆਂ ਦਾ ਟੀਚਾ ਸ਼ਾਮਲ ਹੈ। 'ਪਾਰਟੀ ਕਿਊਬੈਕੋਇਸ' ਦੀ ਪ੍ਰਸਤਾਵਿਤ ਨੀਤੀ ਵਿੱਚ ਫ੍ਰੈਂਚ ਭਾਸ਼ਾ ਦੀ ਗਿਆਨ-ਯੋਗਤਾ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੈ। ਪਾਰਟੀ ਦਾਖਲੇ ਸਮੇਂ ਇੰਟਰਮੀਡੀਏਟ ਫ੍ਰੈਂਚ ਅਤੇ ਚੋਣ ਦੇ ਪੜਾਅ 'ਤੇ ਇੰਟਰਮੀਡੀਏਟ-ਟੂ-ਐਡਵਾਂਸਡ ਫ੍ਰੈਂਚ ਜਾਣਨ ਵਾਲੇ ਉਮੀਦਵਾਰਾਂ ਨੂੰ ਪਹਿਲ ਦੇਣਾ ਚਾਹੁੰਦੀ ਹੈ। ਹਾਲਾਂਕਿ ਪ੍ਰਸਤਾਵ ਵਿੱਚ ਅਜੇ ਤੱਕ ਲੋੜੀਂਦੇ ਭਾਸ਼ਾ ਪੱਧਰਾਂ ਦਾ ਸਪੱਸ਼ਟ ਵੇਰਵਾ ਨਹੀਂ ਦਿੱਤਾ ਗਿਆ ਹੈ। ਮੌਜੂਦਾ ਢਾਂਚੇ ਤਹਿਤ, ਸੂਬੇ ਨੇ 2029 ਤੱਕ ਲਗਭਗ 80% ਨਵੇਂ ਇਮੀਗ੍ਰੈਂਟਸ ਲਈ ਇੰਟਰਮੀਡੀਏਟ ਫ੍ਰੈਂਚ ਯੋਗਤਾ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ, 17 ਦਸੰਬਰ 2028 ਤੋਂ 3 ਸਾਲ ਦਾ ਤਜਰਬਾ ਰੱਖਣ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਲਈ ਲੈਵਲ 4 ਦੀ ਬੋਲੀ ਜਾਣ ਵਾਲੀ ਫ੍ਰੈਂਚ ਦਿਖਾਉਣਾ ਜ਼ਰੂਰੀ ਹੋਵੇਗਾ।
ਕਿਊਬੈਕੋਇਸ ਡੇਸ ਅਵੋਕੈਟਸ ਐਟ ਅਵੋਕੈਟੇਸ ਐਨ ਡ੍ਰੋਇਟ ਡੇ ਲ'ਇਮੀਗ੍ਰੇਸ਼ਨ' (AQAADI) ਦੇ ਸਹਿ-ਪ੍ਰਧਾਨ ਯੂਵਸ ਮਾਰਟੀਨੋ (Yves Martineau) ਨੇ ਕਿਊਬੈਕ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਅਨਿਸ਼ਚਿਤਤਾ ਅਤੇ ਵਿਦੇਸ਼ੀ ਕਾਮਿਆਂ 'ਤੇ ਮੌਜੂਦਾ ਨਿਯਮਾਂ ਦੇ ਪ੍ਰਭਾਵ 'ਤੇ ਚਿੰਤਾ ਜਤਾਈ ਹੈ। 3 ਅਕਤੂਬਰ ਦੀ ਆਪਣੀ ਰਿਪੋਰਟ ਵਿੱਚ ਉਨ੍ਹਾਂ ਕਿਹਾ ਕਿ ਪਰਿਵਾਰਕ ਮਿਲਣੀ ਵਿੱਚ ਦੇਰੀ ਕਾਰਨ ਪਰਿਵਾਰ ਵੱਖ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਨੈਕਾਰਾਂ ਨੂੰ 'ਕਿਊਬੈਕ ਐਕਸਪੀਰੀਅੰਸ ਪ੍ਰੋਗਰਾਮ' ਦੀ ਪ੍ਰਕਿਰਿਆ ਦੌਰਾਨ ਸੂਬੇ ਵਿੱਚ ਰਹਿਣ ਲਈ ਮਜਬੂਰ ਕਰਨ ਨਾਲ ਕਾਰੋਬਾਰਾਂ ਨੂੰ ਟੈਕਸ ਦੇਣ ਵਾਲੇ ਕਾਮਿਆਂ ਤੋਂ ਵਾਂਝਾ ਹੋਣਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ
NEXT STORY