ਮੈਲਬੌਰਨ (ਮਨਦੀਪ ਸਿੰਘ ਸੈਣੀ)- ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਬੈਲਰਟ ਦਾ ਉਦਘਾਟਨੀ ਸਮਾਰੋਹ ਬੀਤੇ ਦਿਨ ਹੋਇਆ। ਇਸ ਮੌਕੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਛੋਟੇ ਸਪੁੱਤਰ ਸ੍ਰੀ ਮਾਨ ਸੰਤ ਬਾਬਾ ਚਰਨਜੀਤ ਸਿੰਘ ਜੀ ਇਸ ਉਦਘਾਟਨੀ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ।

ਸਮਾਗਮ ਦੌਰਾਨ ਸਥਾਨਕ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅਸਥਾਈ ਰੂਪ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਨਵੀਂ ਇਮਾਰਤ ਵਿੱਚ ਸਥਾਪਿਤ ਕੀਤੇ ਗਏ, ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਦਲ ਬਾਬਾ ਬਿਧੀ ਚੰਦ ਜੀ ਗੁਰਮਤਿ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਨੇ ਵੀ ਕੀਰਤਨ ਦੁਆਰਾ ਹਾਜ਼ਰੀ ਲੁਆਈ।

ਇਸ ਉਦਘਾਟਨੀ ਸਮਾਰੋਹ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਕੈਥਰੀਨ ਕਿੰਗ ਅਤੇ ਸਟੇਟ ਮੈਂਬਰ ਪਾਰਲੀਮੈਂਟ ਜੁਲੀਆਨਾ ਐਡੀਸਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਦੋਵਾਂ ਮੈਂਬਰਾਂ ਨੇ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਤੇ ਬਾਬਾ ਚਰਨਜੀਤ ਸਿੰਘ ਜੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮੈਲਬੌਰਨ ਅਤੇ ਬੈਲਰਟ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਖੇਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਬੈਲਰਟ ਦੀ ਸਥਾਪਨਾ ਤਿੰਨ ਸਾਲ ਪਹਿਲਾਂ ਅਸਥਾਈ ਰੂਪ ਵਿੱਚ ਕੀਤੀ ਗਈ ਸੀ ਅਤੇ ਸੰਗਤ ਦੇ ਸਹਿਯੋਗ ਅਤੇ ਸੇਵਾ ਨਾਲ ਹੁਣ ਇਸ ਅਸਥਾਨ ਦੀ ਵਿਸ਼ਾਲਤਾ ਹੋਈ ਹੈ।
ਬੰਗਲਾਦੇਸ਼ੀਆਂ ਦੀ ਵਿਸ਼ਵ ਯਾਤਰਾ ਮੁਸ਼ਕਲ, ਕਈ ਦੇਸ਼ਾਂ ਨੇ ਦਾਖਲੇ 'ਤੇ ਲਾਈ ਪਾਬੰਦੀ
NEXT STORY