ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ, ਉਹ ਹਰ ਸਮੇਂ ਪੰਜਾਬ ਨਾਲ ਜੁੜੇ ਰਹਿੰਦੇ ਹਨ। ਇਸੇ ਲੜੀ ਅਤੇ ਸਮਰਪਣ ਤਹਿੱਤ ਗਦਰ ਲਹਿਰ ਦੀ ਸ਼ੁਰੂਆਤ 1913 ਵਿੱਚ ਅਮਰੀਕਾ ਤੋਂ ਹੋਈ ਸੀ। ਦੁਨੀਆ ਦੇ ਵੱਖ ਵੱਖ ਦੇਸ਼ਾਂ ਤੋਂ ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਲਈ ਤਕਰੀਬਨ 8000 ਹਜ਼ਾਰ ਗ਼ਦਰੀ ਬਾਬੇ ਭਾਰਤ ਪਰਤੇ ਸਨ। ਜਿੰਨਾ ਵਿੱਚੋਂ ਬਹੁਤਾਤ ਪੰਜਾਬੀਆਂ ਦੀ ਸੀ। ਗਦਰ ਦੀ ਗੂੰਜ ਅਖ਼ਬਾਰ ਕੈਲੀਫੋਰਨੀਆ ਦੀ ਧਰਤੀ ਸਾਨਫਰਾਂਸਿਸਕੋ ਜੁਗੰਤਰ ਆਸ਼ਰਮ ਤੋਂ ਨਿਕਲਦਾ ਰਿਹਾ, ਜਿਸ ਦੀ ਗੂੰਜ ਨੇ ਗੋਰਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਇਸੇ ਲਹਿਰ ਨੂੰ ਸਮੱਰਪਿਤ ਭਾਰਤ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਸਮੂੰਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਥਾਨਿਕ “ਇੰਡੋ ਯੂ.ਐਸ. ਹੈਰੀਟੇਜ਼ ਫਰਿਜਨੋ ਦੇ ਸਮੂਹ ਮੈਬਰਾਂ ਦੇ ਸਿਰਤੋੜ ਯਤਨਾਂ ਸਦਕੇ ਲੰਘੇ ਸ਼ਨੀਵਾਰ ਫਰਿਜਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।
ਗ਼ਦਰੀ ਬਾਬਿਆਂ ਨੂੰ ਪ੍ਰਣਾਈ ਸੰਸਥਾ ਇੰਡੋ ਯੂ. ਐਸ. ਹੈਰੀਟੇਜ ਜੋ ਕਿ ਸਮਾਜਿਕ ਕਾਰਜ ਕਰਨ ਕਰਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ। ਇਸ ਮੇਲੇ ਵਿੱਚ ਮੁੱਖ ਮਹਿਮਾਨ ਡਾ. ਪ੍ਰਿਥੀਪਾਲ ਸਿੰਘ ਸੋਹੀ, ਮੁੱਖ ਸਪੀਕਰ ਪ੍ਰੋ. ਹਰਿੰਦਰ ਕੌਰ ਸੋਹੀ, ਇੰਡੋ ਯੂ. ਐਸ. ਹੈਰੀਟੇਜ ਸੰਸਥਾ ਦੇ ਸੱਦੇ ਤੇ ਉਚੇਚੇ ਤੌਰ 'ਤੇ ਕੈਨੇਡਾ ਤੋਂ ਪਹੁੰਚੇ ਹੋਏ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਖ਼ਾਸ ਤੌਰ 'ਤੇ ਹਾਜ਼ਰੀ ਭਰਕੇ ਮੇਲੇ ਨੂੰ ਹੋਰ ਵੀ ਚਾਰ ਚੰਨ ਲਾਏ। ਮੇਲੇ ਦੀ ਸ਼ੁਰੂਆਤ ਰਾਜ ਬਰਾੜ ਨੇ ਗਦਰੀ ਬਾਬਿਆਂ ਨੂੰ ਨਮਨ ਕਰਦਿਆਂ ਦੇਸ਼ ਭਗਤੀ ਦੇ ਗੀਤ ਨਾਲ ਕੀਤੀ। ਉਪਰੰਤ ਸ਼ਮਾਂ ਰੌਸ਼ਨ ਕਰਕੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ।
ਸੰਸਥਾ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਗਦਰ ਲਹਿਰ ਦੇ ਇਤਿਹਾਸ ਤੇ ਪੰਛੀ ਝਾਤ ਪਵਾਈ। ਇਸ ਸਮੇਂ ਉਹਨਾਂ ਕਿਹਾ ਕਿ ਗਦਰੀ ਬਾਬਿਆਂ ਨੇ ਜਿੱਥੇ ਭਾਰਤ ਦੀ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਉੱਥੇ ਅਮਰੀਕਾ ਵਰਗੇ ਮੁੱਲਕ ਵਿੱਚ ਬਰਾਬਰਤਾ ਦੇ ਅਧਿਕਾਰ, ਸਿਟੀਜਨਸ਼ਿਪ ਵਰਗੇ ਕਨੂੰਨ ਬਣਾਉਣ ਵਾਸਤੇ ਵੀ ਸੰਘਰਸ਼ ਕੀਤੇ।ਇਸ ਉਪਰੰਤ ਸਵ. ਪਾਲ ਧਾਲੀਵਾਲ, ਆਤਮਾ ਸਿੰਘ, ਗੁਰਦੀਪ ਸਿੰਘ ਅਣਖੀ, ਪੱਤਰਕਾਰ ਜਗਜੀਤ ਸਿੰਘ ਥਿੰਦ ਅਤੇ ਸੂਬੇਦਾਰ ਮਹਿੰਦਰ ਸਿੰਘ ਗਰੇਵਾਲ ਨੂੰ ਯਾਦ ਕਰਦਿਆਂ, ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਗਾਇਕ ਅਤੇ ਗੀਤਕਾਰ ਪੱਪੀ ਭਦੌੜ ਅਤੇ ਕਮਲਜੀਤ ਬੈਨੀਪਾਲ ਨੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀ ਲਾੜੀ ਮੌਤ ਨਾਲ ਵਾਰਤਾ ਗਾਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਸੰਸਥਾ ਦੇ ਸਕੱਤਰ ਹੈਰੀ ਮਾਨ ਨੇ ਮੇਲੇ ਦੀ ਮਹੱਤਤਾ ਬਾਰੇ ਬੋਲਦਿਆਂ ਸ਼ਹੀਦ ਊਧਮ ਸਿੰਘ ਅਤੇ ਦੇਸ਼ ਦੇ ਹੋਰ ਮਹਾਨ ਸ਼ਹੀਦਾਂ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਗੁਰਦਿੱਤ ਸਿੰਘ ਸੇਖੋ ਨੇ ਆਪਣੇ ਭਾਸ਼ਨ ਦੌਰਾਨ ਸ਼ਹੀਦਾਂ ਨੂੰ ਯਾਦ ਕਰਦਿਆਂ, ਆਪਣੀ ਡਿਊਟੀ ਐਮ. ਐਲ. ਏ. ਦੇ ਤੌਰ 'ਤੇ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਹੀ।ਫਰਿਜਨੋ ਦੇ ਲੋਕਾਂ ਨਾਲ ਖਚਾ-ਖਚਾ ਭਰੇ ਹਾਲ ਅੰਦਰ ਫੇਰ ਵਾਰੀ ਆਈ ਮੁੱਖ ਬੁਲਾਰੇ ਪ੍ਰੋ. ਹਰਿੰਦਰ ਕੌਰ ਸੋਹੀ ਦੀ, ਜਿੰਨਾਂ ਦੀ ਇਕੱਲੀ ਇਕੱਲੀ ਗੱਲ ਦਰਸ਼ਕਾਂ ਨੇ ਕੰਨ ਲਾਕੇ ਸੁਣੀ, ਉਹਨਾਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ, ਕਾਮਾ ਗਾਟਾ ਮਾਰੂ ਜਹਾਜ ਦੇ ਸ਼ਹੀਦਾਂ ਨੂੰ ਨਮਨ ਕੀਤਾ। ਪਾਸ਼ ਦੀਆਂ ਕਵਿਤਾਵਾਂ ਅਤੇ ਸ਼ੇਅਰਾਂ ਨਾਲ ਉਹਨਾਂ ਦਰਸ਼ਕਾਂ ਦਾ ਖ਼ੂਬ ਧਿਆਨ ਖਿੱਚਿਆ। ਸੈਂਟਰਲ ਵੈਲੀ ਦੀ ਭੰਗੜਾ ਟੀਮ ਨੇ ਢੋਲ ਦੇ ਡੱਗੇ ਤੇ ਸਭਨਾਂ ਦੇ ਪੱਬ ਥਿਰਕਣ ਲਾ ਦਿੱਤੇ। ਇਸ ਮੌਕੇ 4.0 ਗ੍ਰੇਡ ਪੁਆਇੰਟ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੰਸਥਾ ਦੇ ਸੈਕਟਰੀ ਰਣਜੀਤ ਗਿੱਲ (ਜੱਗਾ ਸਧਾਰ) ਨੇ, ਪੱਪੀ ਭਦੌੜ ਅਤੇ ਕਮਲਜੀਤ ਬੈਨੀਪਾਲ ਨਾਲ ਰਲਕੇ ਇੱਕ ਕਵੀਸ਼ਰੀ “ਭਗਤ ਸਿੰਘ ਦੀ ਘੋੜੀ” ਗਾਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿੱਚ ਮੁੱਖ ਮਹਿਮਾਨ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਸੰਸਥਾ ਦਾ ਸੋਵੀਨੀਅਰ ਰਲੀਜ਼ ਕੀਤਾ। ਇਸ ਮੌਕੇ ਸਾਧੂ ਸਿੰਘ ਸੰਘਾ ਦੀ ਕਿਤਾਬ “ਸੰਘਰਸ਼ੀ ਰਾਹ” ਵੀ ਲੋਕ ਅਰਪਣ ਕੀਤੀ ਗਈ। ਉਹਨਾਂ ਨੇ ਗਦਰ ਲਹਿਰ ਅਤੇ ਅਜੋਕੇ ਸਮੇਂ ਪੰਜਾਬੀਅਤ ਦੇ ਨਾਲ ਖੜਨ ਲਈ ਸਮੁੱਚੇ ਭਾਈਚਾਰੇ ਦੀ ਸ਼ਲਾਘਾ ਕੀਤੀ। “ਸੰਘਰਸੀ ਰਾਹ” ਨਾਵਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਕਿਤਾਬ ਗੰਦੇ ਨਿਯਾਮ, ਕਰੱਪਟ ਰਾਜਨੀਤਕ ਤਾਣੇ ਬਾਣੇ ਨੂੰ ਬਿਆਨਦੀ, ਯੂਨੀਅਨਾਂ 'ਚੋਂ ਉਪਜਦੇ ਸੰਘਰਸ਼ਾਂ ਦੀ ਬਾਤ ਪਾਉਂਦੀ ਹੈ। ਇਸ ਨਾਵਲ ਵਿੱਚ ਇਸ ਚੀਜ਼ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਸੰਗਠਨ ਹਮੇਸ਼ਾ ਸਰਕਾਰਾਂ ਨਾਲੋਂ ਤਾਕਤਵਰ ਹੁੰਦੇ ਨੇ। ਉਹਨਾਂ ਕਿਹਾ ਕਿ ਲਿਖਤ ਓਹੀ ਸਾਰਥਕ ਹੁੰਦੀ ਹੈ, ਜੋ ਪਾਠਕ ਨੂੰ ਉਂਗਲ ਫੜਕੇ ਨਾਲ ਤੋਰ ਲਵੇ, ‘ਤੇ ਸਾਧੂ ਸਿੰਘ ਸੰਘਾ ਦੀ ਲੇਖਣੀ ਵਿੱਚੋਂ ਇਹ ਚੀਜ਼ ਪ੍ਰਤੱਖ ਨਜ਼ਰ ਆਉਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਸਥਿਤ ਭਾਰਤੀ ਸੰਗਠਨ ਨੇ ਬ੍ਰਿਟੇਨ ਦੇ PM ਅਹੁਦੇ ਲਈ ਚੋਣ 'ਚ ਸੁਨਕ ਨੂੰ ਦਿੱਤਾ ਸਮਰਥਨ
ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਧਨੌਲਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਪਿੱਛੋਂ ਚੱਲਿਆ ਗਾਇਕੀ ਦਾ ਖੁੱਲ੍ਹਾ ਅਖਾੜਾ, ਜਿਸ ਵਿੱਚ ਗਾਇਕ ਧਰਮਵੀਰ ਥਾਂਦੀ, ਅਵਤਾਰ ਗਰੇਵਾਲ, ਅਤੇ ਜੋਤ ਰਣਜੀਤ ਕੌਰ ਨੇ ਸ਼ਹੀਦਾਂ ਦੇ ਗੀਤ ਗਾਕੇ ਇੱਕ ਤਰ੍ਹਾਂ ਨਾਲ ਸਮਾਂ ਹੀ ਬੰਨ ਦਿੱਤਾ। ਲੋਕ ਇਹਨਾਂ ਦੇ ਹਰ ਗੀਤ, ਹਰ ਸ਼ੇਅਰ ਤੇ ਆਪ ਮੁਹਾਰੇ ਤਾੜੀਆਂ ਦੀ ਦਾਦ ਦੇ ਰਹੇ ਸਨ।ਇਸ ਪਿੱਛੋਂ ਸੰਸਥਾ ਦੇ ਸਮੂਹ ਮੈਬਰਾਂ ਨੇ ਪ੍ਰੋ. ਹਰਿੰਦਰ ਕੌਰ ਸੋਹੀ, ਡਾ. ਪ੍ਰਿਥੀਪਾਲ ਸਿੰਘ ਸੋਹੀ, ਐਮ. ਐਲ. ਏ. ਸ੍ਰ . ਗੁਰਦਿੱਤ ਸਿੰਘ ਸੇਖੋ ਅਤੇ ਹਰਮਨ ਬਾਵਾ ਨੂੰ ਸਨਮਾਨ ਚਿੰਨ੍ਹ ਦੇਕੇ ਨਵਾਜਿਆ। ਸ਼ਹੀਦਾਂ ਦੀ ਪ੍ਰਦ੍ਰਸ਼ਨੀ ਨੇ ਵੀ ਲੋਕਾਂ ਦਾ ਖ਼ੂਬ ਧਿਆਨ ਖਿੱਚਿਆ। ਇਸ ਮੌਕੇ ਨੌਰਥ ਪੁਆਇੰਟ ਈਵੈਂਟ ਸੈਂਟਰ (ਕਰੀ ਹਾਊਸ) ਦੇ ਫੂਡ ਅਤੇ ਪ੍ਰਬੰਧਾਂ ਦੀ ਹਰਕੋਈ ਤਰੀਫ਼ ਕਰ ਰਿਹਾ ਸੀ। ਮੇਲੇ ਦੀ ਲਾਈਵ ਕਵਰੇਜ਼ ਪੱਤਰਕਾਰ ਕੁਲਵੰਤ ਧਾਲੀਆਂ, ਰੇਡੀਓ ਪੰਜਾਬ ਅਤੇ ਪੰਜਾਬੀ ਰੇਡੀਓ ਯੂ.ਐਸ. ਏ. ਆਦਿ ਨੇ ਕੀਤੀ। ਪੂਰੇ ਮੇਲੇ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਅਤੇ ਰਣਜੀਤ ਗਿੱਲ ਨੇ ਬਾਖੂਬੀ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਮੇਲਾ ਪ੍ਰਬੰਧਕ ਵੀਰਾਂ ਦੀ ਮਿਹਨਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਯਾਦਗਾਰੀ ਹੋ ਨਿਬੜਿਆ।
ਅਮਰੀਕਾ ਸਥਿਤ ਭਾਰਤੀ ਸੰਗਠਨ ਨੇ ਬ੍ਰਿਟੇਨ ਦੇ PM ਅਹੁਦੇ ਲਈ ਚੋਣ 'ਚ ਸੁਨਕ ਨੂੰ ਦਿੱਤਾ ਸਮਰਥਨ
NEXT STORY