ਰੋਮ/ਇਟਲੀ (ਕੈਂਥ)— ਸੰਨ 2018 ਦੇ ਦਸੰਬਰ ਮਹੀਨੇ ਦੇ ਇਹਨਾਂ ਆਖ਼ਰੀ ਦਿਨਾਂ ਵਿਚ ਸਾਰੀ ਦੁਨੀਆ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਪੂਰੀ ਤਿਆਰੀ ਵਿਚ ਹੈ । ਪਰ ਇਟਲੀ ਵਿਚ ਭਾਰਤੀ ਭਾਈਚਾਰੇ ਦੇ ਕੁਝ ਅਜਿਹੇ ਲੋਕ ਵੀ ਜ਼ਿੰਦਗੀ ਬਸਰ ਕਰ ਰਹੇ ਹਨ ਜਿਹੜੇ ਵਕਤ ਦੇ ਝੰਬੇ ਬਿਨ੍ਹਾਂ ਪੇਪਰਾਂ ਦੇ ਇਟਲੀ ਦੇ ਸ਼ਹਿਰਾਂ ਤੇ ਪਿੰਡਾਂ ਦੀ ਖਾਕ ਛਾਨਣ ਲਈ ਮਜਬੂਰ ਤੇ ਬੇਵੱਸ ਹਨ। ਅਜਿਹੇ ਭਾਰਤੀ ਨੌਜਵਾਨਾਂ ਨੂੰ ਕਿਸੇ ਦਿਨ, ਤਿਉਹਾਰ ਜਾਂ ਨਵੇਂ ਸਾਲ ਦਾ ਕੋਈ ਚਾਅ ਨਹੀਂ ।ਪਿਛਲੇ ਕਈ-ਕਈ ਸਾਲਾਂ ਤੋਂ ਇਹਨਾਂ ਭਾਰਤੀ ਨੌਜਵਾਨਾਂ ਕੋਲ ਇਟਲੀ ਦੇ ਪੇਪਰ ਨਾ ਹੋਣ ਕਾਰਨ ਭਾਰਤੀ ਅੰਬੈਂਸੀ ਰੋਮ ਤੇ ਮਿਲਾਨ ਨੇ ਵੀ ਇਹਨਾਂ ਦੇ ਪਾਸਪੋਰਟ ਨੂੰ ਰਿਨਿਊ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਇਹ ਭਾਰਤੀ ਨੌਜਵਾਨ ਇਟਲੀ ਦੇ ਹਰ ਸਿਆਸੀ ਤੇ ਗੈਰ-ਸਿਆਸੀ ਭਾਰਤੀ ਆਗੂ ਦੀਆਂ ਮਿੰਨਤਾਂ ਅਤੇ ਤਰਲੇ ਕਰ-ਕਰ ਥੱਕ ਚੁੱਕੇ ਹਨ।
ਇਟਲੀ ਦੇ ਬਿਨਾਂ ਪੇਪਰਾਂ ਤੇ ਬਿਨਾਂ ਭਾਰਤੀ ਪਾਸਪੋਰਟ ਵਾਲੇ ਨੌਜਵਾਨਾਂ ਨੂੰ ਰੱਬ ਤੋਂ ਵੱਧ ਆਸ ਸੀ ਕਿ ਇਟਲੀ ਵਿਚ ਵਿਚਰਦੇ ਭਾਰਤੀ ਸਿਆਸੀ ਪਾਰਟੀਆਂ ਦੇ ਜੋਧੇ ਉਹਨਾਂ ਦੀ ਬਿਨਾਂ ਭਾਰਤੀ ਪਾਸਪੋਰਟ ਦੇ ਡੁੱਬ ਰਹੀ ਕਿਸ਼ਤੀ ਨੂੰ ਪਾਰ ਲਾਉਣ ਵਿਚ ਮਲਾਹ ਬਣ ਸਾਥ ਦੇਣਗੇ ਪਰ ਅਫ਼ਸੋਸ ਹੁਣ ਤੱਕ ਇਟਲੀ ਦੇ ਕਿਸੇ ਵੀ ਆਗੂ ਨੇ ਇਹਨਾਂ ਨੌਜਵਾਨਾਂ ਦੀ ਬਾਂਹ ਨਹੀਂ ਫੜ੍ਹੀ। ਜਿਸ ਕਾਰਨ ਇਹਨਾਂ ਭਾਰਤੀ ਨੌਜਵਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।
ਇਟਾਲੀਅਨ ਪੰਜਾਬੀ ਪ੍ਰੈੱਸ ਨਾਲ ਆਪਣੇ ਦੁੱਖ ਦਾ ਇਜ਼ਹਾਰ ਕਰਦਿਆਂ ਪਿਛਲੇ ਕਰੀਬ 8 ਸਾਲਾਂ ਤੋਂ ਭਾਰਤੀ ਪਾਸਪੋਰਟ ਲਈ ਧੱਕੇ ਖਾ ਰਹੇ ਮਲਕੀਤ ਸਿੰਘ ਪਟਿਆਲਾ ਨੇ ਕਿਹਾ ਕਿ ਉਹ ਸਾਲ 2001ਵਿਚ ਇਟਲੀ ਆਇਆ ਸੀ ਪਰ ਉਸ ਦੀ ਬਦਕਿਸਮਤੀ ਇਹ ਰਹੀ ਕਿ ਹੁਣ ਤੱਕ ਉਸ ਨੂੰ ਇਟਲੀ ਦੇ ਪੇਪਰ ਤਾਂ ਕੀ ਪਿਛਲੇ 8 ਸਾਲਾਂ ਤੋਂ ਭਾਰਤੀ ਪਾਸਪੋਰਟ ਵੀ ਨਹੀਂ ਮਿਲਿਆ, ਜਿਸ ਕਾਰਨ ਉਸ ਦੇ ਭਾਰਤ ਵਿਚ ਮਾਪੇ ਕਾਫ਼ੀ ਪਰੇਸ਼ਾਨ ਹਨ। ਉਸ ਦੀ ਭਾਰਤੀ ਅੰਬੈਂਸੀ ਰੋਮ ਅਤੇ ਭਾਰਤ ਸਰਕਾਰ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ।ਇਸ ਤਰ੍ਹਾਂ ਹੀ ਇਕਬਾਲ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਜ ਕੁਮਾਰ, ਕੁਲਦੀਪ ਸਿੰਘ ਅਤੇ ਕਰੀਬ ਹੋਰ 15-20 ਭਾਰਤੀ ਨੌਜਵਾਨਾਂ ਨੇ ਇਕੱਠੇ ਹੋ ਕੇ ਆਪਣਾ ਦੁੱਖੜਾ ਸਾਂਝਾ ਕਰਦਿਆਂ ਕਿਹਾ ਕਿ ਬਿਨਾਂ ਪਾਸਪੋਰਟ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਿਨਾਂ ਪਾਸਪੋਰਟ ਨਾ ਤਾਂ ਉਹ ਆਪਣੇ ਘਰ ਪੈਸੇ ਭੇਜ ਸਕਦੇ ਹਨ ਅਤੇ ਨਹੀਂ ਹੀ ਮੋਬਾਇਲ ਦੀ ਸਿਮ ਲੈ ਸਕਦੇ ਹਨ।
ਇਹਨਾਂ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਕੋਲ ਪੱਕਾ ਕੰਮ ਹੈ ਤੇ ਕੰਮ ਵਾਲੇ ਮਾਲਕ ਉਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ ਪਰ ਇਸ ਦੇ ਬਾਵਜੂਦ ਭਾਰਤੀ ਅੰਬੈਂਸੀ ਰੋਮ ਦੇ ਅਧਿਕਾਰੀ ਕੋਈ ਤਸੱਲੀਬਖ਼ਸ ਜਵਾਬ ਨਹੀਂ ਦੇ ਰਹੇ ਜਿਸ ਕਾਰਨ ਉਹਨਾਂ ਦੇ ਹੌਸਲੇ ਟੁੱਟਦੇ ਜਾ ਰਹੇ ਹਨ।ਇਸ ਸਾਰੇ ਮਾਮਲੇ ਸਬੰਧੀ ਜਦੋਂ ਭਾਰਤੀ ਅੰਬੈਂਸੀ ਰੋਮ ਦੇ ਅਧਿਕਾਰੀ ਤੋਂ ਅਸਲ ਕਾਰਨ ਜਾਨਣ ਦਾ ਯਤਨ ਕੀਤਾ ਤਾਂ ਅੰਬੈਂਸੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਇਟਲੀ ਵਿਚ ਰਹਿੰਦੇ ਬਿਨਾਂ ਪੇਪਰਾਂ ਦੇ ਭਾਰਤੀ ਨੌਜਵਾਨਾਂ ਨੂੰ ਹੁਣ ਤੱਕ ਪਾਸਪੋਰਟ ਜਾਰੀ ਕਰਨ ਦੇ ਨਿਰਦੇਸ਼ ਜਾਰੀ ਨਹੀਂ ਹੋਏ।ਜਦੋਂ ਤੱਕ ਭਾਰਤ ਸਰਕਾਰ ਇਸ ਬਾਬਤ ਕੋਈ ਨਿਰਦੇਸ਼ ਭਾਰਤੀ ਅੰਬੈਂਸੀ ਰੋਮ ਨੂੰ ਜਾਰੀ ਨਹੀ ਕਰਦੀ ਉਂਦੋ ਤੱਕ ਉਹ ਅਸਮਰਥ ਹਨ।ਜ਼ਿਕਰਯੋਗ ਹੈ ਕਿ ਭਾਰਤ ਵਿਚ ਭਾਜਪਾ ਦੀ ਕੇਂਦਰ ਸਰਕਾਰ ਹੈ ਤੇ ਇੱਥੇ ਵੀ ਭਾਜਪਾ ਅਤੇ ਹੋਰ ਕਈ ਸਿਆਸੀ ਪਾਰਟੀ ਦੇ ਐੱਨ.ਆਰ ਵਿੰਗ ਮੌਜੂਦ ਹਨ। ਦੇਖਣਯੋਗ ਹੋਵੇਗਾ ਕਿ ਇਸ ਮਾਮਲੇ ਸਬੰਧੀ ਕੌਣ ਆਪਣੀ ਜ਼ਿੰਮੇਵਾਰੀ ਨਿਭਾਵੇਗਾ।
ਸਰਬੀਆ: ਬੱਚਿਆਂ ਦੀ ਬੱਸ ਤੇ ਟਰੇਨ ਦੀ ਟੱਕਰ 'ਚ ਤਿੰਨ ਦੀ ਮੌਤ, 22 ਜ਼ਖਮੀ
NEXT STORY