ਰੋਮ, (ਕੈਂਥ)— ਬੀਤੇ ਦਿਨ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ (Giuseppe Conte) ਦੀ ਸਰਕਾਰ ਡਿੱਗ ਗਈ। ਜਦੋਂ ਤੋਂ ਇਟਲੀ ਦੀ ਜੁਸੇਪੇ ਕੌਂਤੇ ਸਰਕਾਰ ਬਣੀ ਸੀ, ਉਦੋਂ ਤੋਂ ਹੀ ਇਹ ਲੜ-ਖੜਾ ਰਹੀ ਸੀ। ਬੇਸ਼ੱਕ ਇਸ ਸਰਕਾਰ ਨੂੰ ਬਣੇ ਇਕ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਇਹ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੀ ਸੀ। ਇਟਲੀ ਵਾਸੀਆਂ ਨੂੰ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਤੋਂ ਕਾਫੀ ਆਸਾਂ ਸਨ ਪਰ ਇਹ ਆਸਾਂ ਉਸ ਸਮੇਂ ਤੜਕ ਕਰਕੇ ਟੁੱਟ ਗਈਆਂ ਜਦੋਂ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਆਪਣੇ ਜਨਮ ਦਿਨ ਵਾਲੇ ਦਿਨ ਹੀ ਗ੍ਰਹਿ ਮੰਤਰੀ ਸਲਵੀਨੀ ਦੀਆਂ ਗਲਤ ਨੀਤੀਆਂ ਤੋਂ ਅੱਕ ਕੇ ਅਸਤੀਫਾ ਦੇ ਦਿੱਤਾ।
ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਸਲਵੀਨੀ ਦੀਆਂ ਮਾੜੀਆਂ ਨੀਤੀਆਂ ਤੋਂ ਨਾ ਖੁਸ਼ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਇਟਲੀ ਉੱਪਰ ਆਏ ਇਸ ਰਾਜਸੀ ਸੰਕਟ ਨਾਲ ਜਿੱਥੇ ਲੋਕਾਂ ਦੇ ਚਿਹਰੇ ਮੁਰਝਾ ਗਏ ਹਨ, ਉਥੇ ਹੀ ਵਿਦੇਸ਼ੀਆਂ ਨੂੰ ਵੀ ਇਸ ਗੱਲ ਦੇ ਸੰਧੇ ਪੈ ਗਏ ਹਨ ਕਿ ਜੇਕਰ ਹੁਣ ਦੇਸ਼ ਦੀ ਵਾਗਡੋਰ ਕਿਸੇ ਸਟੇਜ 'ਤੇ ਆ ਕੇ ਗ੍ਰਹਿ ਮੰਤਰੀ ਸਲਵੀਨੀ ਨੇ ਸਾਂਭ ਲਈ ਤਾਂ ਉਨ੍ਹਾਂ ਦਾ ਕੀ ਬਣੇਗਾ ਕਿਉੁਂਕਿ ਗ੍ਰਹਿ ਮੰਤਰੀ ਸਲਵੀਨੀ ਇਟਲੀ ਦੇ ਵਿਦੇਸ਼ੀਆਂ ਦੇ ਵਿਰੋਧ ਵਿਚ ਸਦਾ ਹੀ ਨਿਤਰਿਆ ਹੈ। ਤੁਹਾਨੂੰ ਦੱਸ ਦਈਏ ਕਿ ਇੱਥੇ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ। ਇਸ ਮੁੱਦੇ 'ਤੇ ਦੇਸ਼ ਦੇ ਰਾਸ਼ਟਰਪਤੀ ਸਰਜੀਓ ਮੈਤਾਰੈਲਾ ਕੀ ਫੈਸਲਾ ਲੈਂਦੇ ਹਨ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। ਇਹ ਤਾਂ ਸਮਾਂ ਹੀ ਤੈਅ ਕਰੇਗਾ ਕਿ ਸਲਵੀਨੀ ਨੂੰ ਤਾਜ ਮਿਲਦਾ ਹੈ ਜਾਂ ਫਿਰ ਦੋਬਾਰਾ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਮੋਦੀ ਦੇ ਨਾਲ ਕਸ਼ਮੀਰ ਮੁੱਦੇ 'ਤੇ ਚਰਚਾ ਕਰਨਗੇ ਮੈਕਰੋਨ
NEXT STORY