ਇਟਲੀ (ਸਾਬੀ ਚੀਨੀਆ)- ਇਟਲੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਕਾਰਜਸ਼ੀਲ 'ਸਿੱਖੀ ਸੇਵਾ ਸੁਸਾਇਟੀ' ਵੱਲੋਂ ਆਪਣੀ 15ਵੀਂ ਵਰ੍ਹੇਗੰਢ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਇਹ ਸਮਾਗਮ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ (ਰਿਜੋਇਮੀਲੀਆ) ਵਿਖੇ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਇਸ ਮੌਕੇ ਵੈਟੀਕਨ ਸਿਟੀ ਦੇ ਨੁਮਾਇੰਦੇ, ਵੱਖ-ਵੱਖ ਚਰਚਾਂ ਦੇ ਮੈਂਬਰ, ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨੁਮਾਇੰਦੇ, ਸੰਸਦ ਮੈਂਬਰ ਏਲੇਨਾ ਕਰਲੇਤੀ ਅਤੇ ਨੋਵੇਲਾਰਾ ਦੇ ਮੇਅਰ ਸਿਮੋਨੇ ਜਾਰਾਨਤੋਨੈਲੋ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਬੱਚਿਆਂ ਅਤੇ ਨੌਜਵਾਨਾਂ (8 ਤੋਂ 25 ਸਾਲ) ਦੇ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਸਨ, ਜਿਸ ਵਿੱਚ 60 ਤੋਂ ਵੱਧ ਜੱਥਿਆਂ ਨੇ ਭਾਗ ਲਿਆ।

ਨੌਜਵਾਨਾਂ ਦੇ ਨਾਲ-ਨਾਲ ਇਤਾਲਵੀ ਮੂਲ ਦੇ ਵਿਅਕਤੀਆਂ ਨੇ ਵੀ ਦਸਤਾਰਾਂ ਸਜਾ ਕੇ ਸਿੱਖੀ ਸਰੂਪ ਪ੍ਰਤੀ ਉਤਸ਼ਾਹ ਦਿਖਾਇਆ। ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਤੇ ਗੱਤਕਾ ਅਕੈਡਮੀ ਦੇ ਸਿੰਘਾਂ ਵੱਲੋਂ ਮਾਰਸ਼ਲ ਆਰਟ ਦੇ ਜੌਹਰ ਦਿਖਾਏ ਗਏ। ਸੁਸਾਇਟੀ ਨੇ ਆਪਣੀ ਨਵੀਂ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ। ਇਸ ਐਪ ਵਿੱਚ ਯੂਰਪ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੀ ਜਾਣਕਾਰੀ, ਗੁਰਮੁਖੀ ਅਤੇ ਇਤਾਲਵੀ ਭਾਸ਼ਾ ਵਿੱਚ ਨਿਤਨੇਮ ਅਤੇ ਸਿੱਖੀ ਸੇਵਾ ਸੁਸਾਇਟੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਉਪਲਬਧ ਹਨ।

ਸੁਸਾਇਟੀ ਦੇ ਨੁਮਾਇੰਦਿਆਂ ਜਗਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ, ਪ੍ਰਬੰਧਕ ਕਮੇਟੀਆਂ ਅਤੇ ਬੱਚਿਆਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੇਤੂ ਜੱਥਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਸਾਰੇ ਭਾਗੀਦਾਰਾਂ ਨੂੰ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਹ ਉਪਰਾਲਾ ਇਟਲੀ ਵਿੱਚ ਸਿੱਖ ਭਾਈਚਾਰੇ ਦੀ ਪਛਾਣ ਨੂੰ ਮਜ਼ਬੂਤ ਕਰਨ ਅਤੇ ਅਗਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਇੱਕ ਸ਼ਲਾਘਾਯੋਗ ਕਦਮ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੁਨੀਆ ਭਰ ਦੇ ਇਨ੍ਹਾਂ ਦੇਸ਼ਾਂ ਦੇ ਪੈਟਰੋਲ ਪੰਪਾਂ 'ਤੇ ਮਚੀ ਹਾਹਾਕਾਰ, ਜਾਣੋ ਕਿੱਥੇ-ਕਿੱਥੇ ਲੱਗੀਆਂ ਲੰਮੀਆਂ ਲਾਈਨਾਂ
NEXT STORY