ਨੁਰ ਸੁਲਤਾਨ (ਭਾਸ਼ਾ): ਕਜ਼ਾਕਿਸਤਾਨ ਦੇ ਅਲਮਾਟੀ ਵਿਚ ਸ਼ੁੱਕਰਵਾਰ ਸਵੇਰੇ ਜਹਾਜ਼ ਹਾਦਸਾ ਵਾਪਰਿਆ। ਇੱਥੇ ਇਕ ਜਹਾਜ਼ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਹੀ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿਚ ਸਵਾਰ ਕੁਝ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਹੁਣ ਤੱਕ ਇਸ ਹਾਦਸੇ ਵਿਚ ਹੁਣ ਤੱਕ 15 ਲੋਕਾਂ ਦੇ ਮਰਨ ਦੀ ਖਬਰ ਹੈ ਜਦਕਿ 66 ਹੋਰ ਜ਼ਖਮੀ ਹਨ। ਇਹਨਾਂ ਵਿਚੋਂ 50 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਜਹਾਜ਼ ਵਿਚ ਕੁ੍ੱਲ 100 ਲੋਕ ਸਵਾਰ ਸਨ।
ਕਰੈਸ਼ ਸਾਈਟ 'ਤੇ ਐਮਰਜੈਂਸੀ ਸੇਵਾਵਾਂ ਪਹੁੰਚ ਚੁੱਕੀਆਂ ਹਨ। ਇਸ ਜਹਾਜ਼ ਵਿਚ 95 ਯਾਤਰੀ ਅਤੇ 5 ਚਾਲਕ ਦਲ ਦੇ ਮੈਂਬਰ ਸਵਾਰ ਹਨ। ਜਹਾਜ਼ ਬੇਕ ਏਅਰਲਾਈਨਜ਼ ਦਾ ਸੀ।ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਵਿਚ ਬੱਚੇ ਵੀ ਸ਼ਾਮਲ ਸਨ। ਹਵਾਈ ਅੱਡੇ ਦੇ ਕਾਫੀ ਕਰੀਬ ਹੀ ਜਹਾਜ਼ ਕਰੈਸ਼ ਹੋਇਆ।

ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਜਹਾਜ਼ ਕਾਫੀ ਹੇਠਾਂ ਉੱਡ ਰਿਹਾ ਸੀ, ਜਿਸ ਕਾਰਨ ਇਹ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਜਹਾਜ਼ ਦੇ ਪਰਖੱਚੇ ਉੱਡ ਗਏ। ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 7:22 ਵਜੇ ਵਾਪਰਿਆ। ਉੱਥੇ ਇਸ ਹਾਦਸੇ ਵਿਚ ਕਈ ਸਥਾਨਕ ਨਾਗਰਿਕ ਵੀ ਜ਼ਖਮੀ ਹੋ ਗਏ। ਕਜ਼ਾਕਿਸਤਾਨ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਅਲਮਾਟੀ ਦੇ ਨੇੜੇ ਜਹਾਜ਼ ਕਰੈਸ਼ ਹੋਣ ਦੇ ਬਾਅਦ ਜਹਾਜ਼ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਕਜ਼ਾਕਿਸਤਾਨ ਵਿਚ ਅਪਰਾਧਿਕ ਕੋਡ ਦੀ ਧਾਰਾ 344 ਦੇ ਪ੍ਰਬੰਧ ਦੇ ਅਧੀਨ ਹਵਾਈ ਆਵਾਜਾਈ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਮਾਮਲੇ ਦੀ ਸ਼ੁਰੂਆਤੀ ਜਾਂਚ ਸ਼ੁਰੂ ਹੋ ਗਈ ਹੈ। ਇਸ ਲਈ ਇਕ ਜਾਂਚ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ, ਜਿਸ ਵਿਚ ਅਨੁਭਵੀ ਜਾਂਚਕਰਤਾ ਅਤੇ ਅਪਰਾਧਿਕ ਜਾਂਚ ਮਾਹਰ ਸ਼ਾਮਲ ਹਨ।''

ਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੇਕ ਏਅਰ ਦੀਆਂ ਸਾਰੀਆਂ ਉਡਾਣਾਂ ਅਤੇ ਕਜ਼ਾਕਿਸਤਾਨ ਵਿਚ ਫੋਕਰ-100 ਜਹਾਜ਼ਾਂ ਦੀਆਂ ਉਡਾਣਾਂ 'ਤੇ ਜਾਂਚ ਪੂਰੀ ਹੋਣ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏ.ਐੱਫ.ਪੀ. ਦੀ ਖਬਰ ਦੇ ਮੁਤਾਬਕ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਤ ਤੋਕਾਯੇਵ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਗੱਲ ਕਹੀ ਹੈ। ਉਹਨਾਂ ਨੇ ਟਵੀਟ ਕੀਤਾ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਨੂੰਨ ਦੇ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ।
ਕਜ਼ਾਕਿਸਤਾਨ : 100 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 15 ਲੋਕਾਂ ਦੀ ਮੌਤ 60 ਜ਼ਖਮੀ
NEXT STORY