ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਨਵੇਂ 5,000 ਟਨ ਵਜ਼ਨੀ ਵਿਨਾਸ਼ਕਾਰੀ ਜਹਾਜ਼ ‘ਕਾਂਗ ਕੋਨ’ ’ਤੇ ਲੱਗੀ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਕਰੂਜ਼ ਮਿਜ਼ਾਈਲ ਅਤੇ ਹੋਰ ਹਥਿਆਰਾਂ ਦੇ ਪ੍ਰੀਖਣ ਦਾ ਨਿਰੀਖਣ ਕੀਤਾ। ‘ਕਾਂਗ ਕੋਨ’ ਪਿਛਲੇ ਸਾਲ ਲਾਂਚਿੰਗ ਸਮਾਰੋਹ ਦੌਰਾਨ ਨੁਕਸਾਨਿਆ ਗਿਆ ਸੀ ਅਤੇ ਬਾਅਦ ’ਚ ਇਸ ਦੀ ਮੁਰੰਮਤ ਕੀਤੀ ਗਈ। ਇਹ ਪ੍ਰੀਖਣ ਪ੍ਰਮਾਣੂ ਹਥਿਆਰਾਂ ਨਾਲ ਲੈਸ ਸਮੁੰਦਰੀ ਫੌਜ ਬਣਾਉਣ ਦੀ ਕਿਮ ਦੀ ਯੋਜਨਾ ਤਹਿਤ ਕੀਤਾ ਗਿਆ ਉੱਤਰੀ ਕੋਰੀਆ ਦਾ ਤਾਜ਼ਾ ਫੌਜੀ ਸ਼ਕਤੀ ਪ੍ਰਦਰਸ਼ਨ ਹੈ।
ਸਰਕਾਰੀ ਸਮਾਚਾਰ ਏਜੰਸੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ.ਸੀ.ਐੱਨ.ਏ.) ਨੇ ਦੱਸਿਆ ਕਿ ਪ੍ਰੋਗਰਾਮ ’ਚ ਇਕ ਰਣਨੀਤਕ ਕਰੂਜ਼ ਮਿਜ਼ਾਈਲ, ‘ਕਾਂਗ ਕੋਨ’ ਦੀ ਮੁੱਖ ਤੋਪ ਅਤੇ ਆਟੋਮੈਟਿਕ ਤੋਪਾਂ ਦਾ ਪ੍ਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਜਹਾਜ਼ ਦੀ ਇਲੈਕਟ੍ਰਾਨਿਕ ਜੰਗੀ ਪ੍ਰਣਾਲੀਆਂ ਦਾ ਪ੍ਰੀਖਣ ਅਤੇ ਨਿਸ਼ਾਨੇ ਦਾ ਪਤਾ ਲਾਉਣ ਤੇ ਸੂਚਨਾਵਾਂ ਦਾ ਵਿਸ਼ਲੇਸ਼ਣ ਕਰਨ ਦੀ ਉਸ ਦੀ ਸਮਰੱਥਾ ਦਾ ਮੁਲਾਂਕਣ ਵੀ ਕੀਤਾ ਗਿਆ।
ਕਿਮ ਨੇ ਤੱਟ ਤੋਂ ਇਨ੍ਹਾਂ ਪ੍ਰੀਖਣਾਂ ਦਾ ਨਿਰੀਖਣ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਵਿਨਾਸ਼ਕਾਰੀ ਜੰਗੀ ਬੇੜੇ ਦੇ ਪ੍ਰੀਖਣ ਪੂਰੇ ਕਰ ਕੇ ਉਸ ਨੂੰ 2 ਮਹੀਨਿਆਂ ਦੇ ਅੰਦਰ ਸੇਵਾ ’ਚ ਸ਼ਾਮਲ ਕੀਤੇ ਜਾਣ ਦਾ ਹੁਕਮ ਦਿੱਤਾ। ਇਹ ਪ੍ਰੀਖਣ ਉੱਤਰੀ ਕੋਰੀਆ ਵੱਲੋਂ ਜੂਨ ਦੇ ਅਖੀਰ ’ਚ ਆਪਣੇ ਪਹਿਲੇ 5,000 ਟਨ ਵਜ਼ਨੀ ਵਿਨਾਸ਼ਕਾਰੀ ਜੰਗੀ ਬੇੜੇ ‘ਚੋਏ ਹਯੋਨ’ ਨੂੰ ਸਮੁੰਦਰੀ ਫੌਜ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਕੀਤੇ ਗਏ ਹਨ।
ਲਾਲ ਸਾਗਰ 'ਚ ਕਾਰਗੋ ਜਹਾਜ਼ 'ਤੇ ਹਮਲਾ ! ਬ੍ਰਿਟਿਸ਼ ਫ਼ੌਜ ਨੇ ਕੀਤਾ ਦਾਅਵਾ
NEXT STORY