ਜਲੰਧਰ (ਸੁਧੀਰ)– ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਈ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਹੁਣ ਕੈਨੇਡਾ ’ਚ ਦੀਵਾਲੀਆ ਹੋਣ ਕਾਰਨ ਕਈ ਪ੍ਰਾਈਵੇਟ ਕਾਲਜ ਬੰਦ ਹੋ ਗਏ ਹਨ। ਇਸ ਕਾਰਨ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡੁੱਬਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਸ ਨੂੰ ਲੈ ਕੇ ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਦੇ ਦਫਤਰਾਂ ’ਚ ਪ੍ਰਾਈਵੇਟ ਕਾਲਜਾਂ ’ਚ ਡੁੱਬੀ ਫੀਸ ਵਾਪਸ ਕਰਨ ਸਬੰਧੀ ਹੰਗਾਮੇ ਵੀ ਹੋ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਕਾਲਜਾਂ ’ਤੇ ਵੀ ਦੀਵਾਲੀਆ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਜੇ ਉਕਤ ਕਾਲਜ ਵੀ ਬੰਦ ਹੋ ਗਏ ਤਾਂ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਹੋਰ ਡੁੱਬ ਸਕਦੇ ਹਨ। ਦੂਜੇ ਪਾਸੇ ਪਤਾ ਲੱਗਾ ਕਿ ਪੰਜਾਬ ਦੇ ਕਈ ਵੱਡੇ ਕਾਰੋਬਾਰੀਆਂ ਨੇ ਭਾਰਤੀ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਕਮਾਉਣ ਦੇ ਚੱਕਰ ’ਚ ਕੈਨੇਡਾ ਵਿਚ ਕਰੋੜਾਂ ਰੁਪਏ ਇਨਵੈਸਟ ਕਰ ਕੇ ਉੱਥੋਂ ਦੇ ਪ੍ਰਾਈਵੇਟ ਕਾਲਜ ਖਰੀਦ ਲਏ ਹਨ। ਆਮ ਤੌਰ ’ਤੇ ਵੇਖਿਆ ਜਾਵੇ ਤਾਂ ਪੰਜਾਬ ਦੇ ਵਿਦਿਆਰਥੀਆਂ ’ਚ ਕੈਨੇਡਾ ਵਿਚ ਪੜ੍ਹਾਈ ਦਾ ਰੁਝਾਨ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: ਸਿਡਨੀ 'ਚ ਸਿੱਧੂ ਮੂਸੇਵਾਲਾ ਦੀ ਯਾਦ 'ਚ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਇਸ ਕਾਰਨ ਪੰਜਾਬ ਤੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ’ਚ ਪੜ੍ਹਾਈ ਲਈ ਅਪਲਾਈ ਕਰਦੇ ਹਨ। ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਪੰਜਾਬ ਤੇ ਹੋਰ ਸੂਬਿਆਂ ਵਿਚ ਐਜੂਕੇਸ਼ਨ ਸੈਮੀਨਾਰ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਜਲਦ ਪੀ. ਆਰ. ਹੋਣ ਅਤੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਵਰਗੇ ਸੁਨਹਿਰੀ ਸੁਪਨੇ ਵਿਖਾ ਕੇ ਉਨ੍ਹਾਂ ਨੂੰ ਪ੍ਰਾਈਵੇਟ ਕਾਲਜਾਂ ਲਈ ਰੈਫਰ ਕੀਤਾ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਕੈਨੇਡਾ ’ਚ ਪੜ੍ਹਾਈ ਕਰਨ ਦਾ ਇਕ ਕਾਰਨ ਇਹ ਵੀ ਹੈ ਕਿ ਹਰ ਕੋਈ ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਨਾਲ-ਨਾਲ ਉੱਥੇ ਜਾ ਕੇ ਮਿਹਨਤ ਨਾਲ ਕਮਾਈ ਕਰ ਕੇ ਆਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ, ਜਿਸ ਕਾਰਨ ਵਿਦਿਆਰਥੀ ਸੈਮੀਨਾਰਾਂ ’ਚ ਪਹੁੰਚ ਜਾਂਦੇ ਹਨ।
ਵਿਦਿਆਰਥੀਆਂ ਵਿਚ ਜਲਦ ਕੈਨੇਡਾ ਪਹੁੰਚਣ ਦਾ ਕ੍ਰੇਜ਼ ਹੁੰਦਾ ਹੈ ਪਰ ਜ਼ਿਆਦਾਤਰ ਵਿਦਿਆਰਥੀ ਕਾਲਜ ਜਾਂ ਯੂਨੀਵਰਸਿਟੀਆਂ ਦੀ ਚੋਣ ਨਹੀਂ ਕਰ ਸਕਦੇ। ਕਈ ਟਰੈਵਲ ਕਾਰੋਬਾਰੀ ਵਿਦਿਆਰਥੀਆਂ ਨੂੰ ਬਿਲਕੁਲ ਸਹੀ ਗਾਈਡ ਕਰਦੇ ਹਨ ਕਿ ਬੇਟਾ, ਜੇ ਪੜ੍ਹਾਈ ਦੇ ਤੌਰ ’ਤੇ ਵਿਦੇਸ਼ ਜਾਣਾ ਹੈ ਤਾਂ ਸਿਰਫ ਪੜ੍ਹਾਈ ਕਰਨ ਹੀ ਜਾਣਾ। ਜੇ ਤੁਸੀਂ ਸੋਚ ਰਹੇ ਹੋਵੋਗੇ ਕਿ ਉੱਥੇ ਜਾ ਕੇ ਪੜ੍ਹਾਈ ਦੇ ਨਾਲ-ਨਾਲ ਮੈਂ ਲੱਖਾਂ ਰੁਪਏ ਕਮਾ ਕੇ ਆਪਣੇ ਅਗਲੇ ਸਮੈਸਟਰ ਦੀ ਫੀਸ ਵੀ ਕੱਢ ਲਵਾਂਗਾ ਅਤੇ ਲੱਖਾਂ ਰੁਪਏ ਆਪਣੇ ਘਰ ਵੀ ਭੇਜ ਦੇਵਾਂਗਾ ਤਾਂ ਉਹ ਮੁਸ਼ਕਲ ਹੋਣਾ ਹੈ। ਦੂਜੇ ਪਾਸੇ ਜੇ ਕਿਸੇ ਨੇ ਆਪਣੇ ਕਾਲਜ ਹੀ ਖਰੀਦ ਲਏ ਹੋਣੇ ਤਾਂ ਉਹ ਕਹੇਗਾ–ਬੇਟਾ, ਜਲਦੀ ਅਪਲਾਈ ਕਰ, ਇਨਟੇਕ ਨਿਕਲ ਰਿਹਾ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਮਾਮਲੇ 'ਚ ਅਪਰਾਧ ਸਥਾਨ ਦੇ 1 km ਖੇਤਰ ਦੇ ਡੰਪ ਡਾਟਾ ਦੀ ਹੋਵੇਗੀ ਜਾਂਚ
ਪਹਿਲਾਂ ਹੁੰਦੀ ਸੀ ਮੋਟੀ ਕਮਿਸ਼ਨ ਦੀ ਡੀਲ ਹੁਣ ਤਾਂ ਕਾਲਜ ਹੀ ਆਪਣੇ
ਪੰਜਾਬ ਦੇ ਕਈ ਵੱਡੇ ਕਾਰੋਬਾਰੀ ਪਹਿਲਾਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉੱਥੋਂ ਦੀਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜਾਂ ਤੋਂ ਮੋਟੀ ਕਮਿਸ਼ਨ ਲੈਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਕਾਲਜ ਜਾਂ ਚੰਗੀਆਂ ਯੂਨੀਵਰਸਿਟੀਆਂ ਤੋਂ ਇਨ੍ਹਾਂ ਨੂੰ ਸਿਰਫ 15 ਤੋਂ 20 ਫੀਸਦੀ ਤਕ ਕਮਿਸ਼ਨ ਮਿਲਦੀ ਸੀ, ਜਦੋਂਕਿ ਕਈ ਹੋਰ ਪ੍ਰਾਈਵੇਟ ਕਾਲਜਾਂ ਤੋਂ ਇਨ੍ਹਾਂ ਨੂੰ 25 ਤੋਂ 40 ਫੀਸਦੀ ਤਕ ਦੀ ਕਮਿਸ਼ਨ ਮਿਲਦੀ ਸੀ। ਪੰਜਾਬ ਦੇ ਕਈ ਵੱਡੇ ਕਾਰੋਬਾਰੀ ਇਕ ਸਮੈਸਟਰ ਵਿਚ 400 ਤੋਂ 500 ਵਿਦਿਆਰਥੀਆਂ ਨੂੰ ਵਿਦੇਸ਼ ਭੇਜ ਕੇ ਮੋਟੀ ਕਮਿਸ਼ਨ ਕਮਾਉਂਦੇ ਸਨ। ਇਸੇ ਗੱਲ ’ਤੇ ਹੁਣ ਕਈ ਵੱਡੇ ਕਾਰੋਬਾਰੀਆਂ ਨੇ ਕੈਨੇਡਾ ’ਚ ਕਰੋੜਾਂ ਰੁਪਏ ਇਨਵੈਸਟ ਕਰ ਕੇ ਉੱਥੋਂ ਦੇ ਪ੍ਰਾਈਵੇਟ ਕਾਲਜ ਹੀ ਖਰੀਦ ਲਏ ਹਨ ਤਾਂ ਜੋ ਮੋਟੀ ਕਮਾਈ ਕੀਤੀ ਜਾ ਸਕੇ। ਇਨ੍ਹਾਂ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉੱਥੇ ਪੱਕੇ ਤੌਰ ’ਤੇ ਸੈਟਲ ਹੋਣ, ਸਕਾਲਰਸ਼ਿਪ ਤੇ ਕੰਮ ਜਲਦੀ ਮਿਲਣ ਦਾ ਝਾਂਸਾ ਦੇਣ ਅਤੇ ਟਰੈਵਲ ਕਾਰੋਬਾਰੀਆਂ ਨੂੰ ਮੋਟੀ ਕਮਿਸ਼ਨ ਦਾ ਲਾਲਚ ਦੇ ਕੇ ਕਾਲਜ ਦੀਆਂ ਸੀਟਾਂ ਵੇਚਣ ਦਾ ਗੋਰਖ ਧੰਦਾ ਵੀ ਜ਼ੋਰਾਂ ’ਤੇ ਸ਼ੁਰੂ ਹੋ ਚੁੱਕਾ ਹੈ। ਇਸ ਕਾਰਨ ਹੁਣ ਕਮਿਸ਼ਨ ਦੀ ਖੇਡ ਖਤਮ ਅਤੇ ਸਾਰਾ ਮਾਲ ਹੀ ਆਪਣਾ ਹੋਣ ਲੱਗਾ ਹੈ।
ਹੈਲੋ ਭਾਅ ਜੀ, ਅੱਜ ਫਲਾਣੇ ਨਾਲ ਡੀਲ ਪੱਕੀ ਹੋ ਗਈ ਹੈ, ਓ ਹੁਣ ਲੋਕਾਂ ਨੂੰ ਸਾਡਾ ਕਾਲਜ ਹੀ ਵੇਚੂਗਾ
ਕੁਝ ਸ਼ਾਤਿਰ ਕਾਰੋਬਾਰੀਆਂ ਨੇ ਕਾਲਜ ਦੀਆਂ ਸੀਟਾਂ ਵੇਚਣ ਲਈ ਹੁਣ ਪੰਜਾਬ ਤੇ ਹੋਰ ਸੂਬਿਆਂ ਵਿਚ ਮਾਰਕੀਟਿੰਗ ਕਰਨ ਲਈ ਏਜੰਟ ਰੱਖਣੇ ਸ਼ੁਰੂ ਕਰ ਦਿੱਤੇ ਹਨ। ਚੰਗੀ ਤਨਖਾਹ, ਆਲੀਸ਼ਾਨ ਯਾਤਰਾ ਤੇ ਰਹਿਣ-ਸਹਿਣ ਤੋਂ ਇਲਾਵਾ ਕੰਮ ਦੇ ਮੁਤਾਬਕ ਚੰਗੇ ਇਨਸੈਂਟਿਵ ਪੈਕੇਜ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਉਕਤ ਲੋਕ ਵੀ ਹਵਾਈ ਯਾਤਰਾ ਕਰ ਕੇ ਅਤੇ ਆਲੀਸ਼ਾਨ ਹੋਟਲਾਂ ਵਿਚ ਠਹਿਰ ਕੇ ਕਈ ਟਰੈਵਲ ਕਾਰੋਬਾਰੀਆਂ ਵੱਲੋਂ ਮੋਟੀ ਕਮਿਸ਼ਨ ਕਾਰਨ ਉਨ੍ਹਾਂ ਨਾਲ ਸੌਦੇਬਾਜ਼ੀ ਕਰ ਕੇ ਆਪਣੇ ਬੌਸ ਨੂੰ ਖੁਸ਼ ਕਰਨ ਲਈ ਡੇਲੀ ਰਿਪੋਰਟ ਦਿੰਦੇ ਹਨ ਅਤੇ ਕਹਿੰਦੇ ਹਨ–ਭਾਅ ਜੀ, ਅੱਜ ਫਲਾਣੇ ਨਾਲ ਡੀਲ ਪੱਕੀ ਹੋ ਗਈ ਹੈ, ਆਪਾਂ ਨੂੰ ਇਸ ਸਾਲ ਕਰੋੜਾਂ ਦਾ ਹੋਰ ਕੰਮ ਮਿਲ ਗਿਆ ਜੇ ਅਤੇ ਫਲਾਣਾ ਏਜੰਟ ਹੁਣ ਲੋਕਾਂ ਨੂੰ ਸਾਡਾ ਕਾਲਜ ਹੀ ਵੇਚੂਗਾ। ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ’ਚ ਪੜ੍ਹਾਈ ਕਰਨ ਦਾ ਰੁਝਾਨ ਵਧਦਾ ਦੇਖ ਕੇ ਕਈ ਟਰੈਵਲ ਕਾਰੋਬਾਰੀ ਵੀ ਐਜੂਕੇਸ਼ਨ ਦੇ ਤੌਰ ’ਤੇ ਭਾਰਤੀ ਵਿਦਿਆਰਥੀਆਂ ਤੋਂ ਮੋਟੀ ਕਮਾਈ ਕਰਨ ਲਈ ਉਨ੍ਹਾਂ ਨੂੰ ਜਾਲ ਫਸਾ ਰਹੇ ਹਨ।
ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ
ਅਸੀਂ ਕੀ ਕਰ ਸਕਦੇ ਹਾਂ ਤੁਸੀਂ ਦੱਸੋ, ਕਾਲਜ ਨੂੰ ਸਿਰਫ ਮੇਲ ਹੀ ਪਾ ਸਕਦੇ ਆਂ
ਸੂਤਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਵੀ ਕੈਨੇਡਾ ਦੇ ਕਿਊਬਿਕ ਤੇ ਮਾਂਟ੍ਰੀਅਲ ’ਚ ਕਈ ਵਿਵਾਦਗ੍ਰਸਤ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਮਿਹਨਤ ਦੇ ਕਰੋੜਾਂ ਰੁਪਏ ਫਸੇ ਸਨ। ਅਜੇ ਵੀ ਕਈ ਵਿਦਿਆਰਥੀਆਂ ਦੇ ਉਕਤ ਕਾਲਜਾਂ ਵਿਚ ਮਿਹਨਤ ਦੀ ਕਮਾਈ ਦੇ ਪੈਸੇ ਫਸੇ ਹੋਏ ਹਨ। ਫੀਸ ਵਾਪਸ ਮੰਗਣ ਨੂੰ ਲੈ ਕੇ ਕਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਕਈ ਟਰੈਵਲ ਕਾਰੋਬਾਰੀਆਂ ਦੇ ਦਫਤਰਾਂ ’ਚ ਜਾ-ਜਾ ਕੇ ਜੁੱਤੀਆਂ ਤਕ ਘਸ ਗਈਆਂ ਹਨ। ਫੀਸ ਵਾਪਸ ਮੰਗਣ ’ਤੇ ਜਵਾਬ ਮਿਲਦਾ ਹੈ–ਅਸੀਂ ਕੀ ਕਰ ਸਕਦੇ ਹਾਂ ਤੁਸੀਂ ਦੱਸੋ, ਕਾਲਜ ਨੂੰੰ ਸਿਰਫ ਮੇਲ ਹੀ ਪਾ ਸਕਦੇ ਆਂ। ਅਜਿਹੇ ਜਵਾਬ ਸੁਣ ਕੇ ਕਈ ਲੋਕ ਤਾਂ ਵਾਪਸ ਆ ਜਾਂਦੇ ਸਨ ਪਰ ਕਈਆਂ ਨੇ ਉਕਤ ਟਰੈਵਲ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਪੁਲਸ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਸਨ। ਪੁਲਸ ਦੀ ਸਖਤੀ ਨੂੰ ਵੇਖਦੇ ਹੋਏ ਕਈ ਟਰੈਵਲ ਕਾਰੋਬਾਰੀਆਂ ਨੇ ਕਈ ਵਿਦਿਆਰਥੀਆਂ ਦੀ ਫੀਸ ਵਾਪਸ ਕਰ ਦਿੱਤੀ ਪਰ ਅਜੇ ਵੀ ਕਈ ਲੋਕ ਆਪਣੀ ਫੀਸ ਵਾਪਸ ਮੰਗਣ ਦੇ ਚੱਕਰ ’ਚ ਕਈ ਟਰੈਵਲ ਕਾਰੋਬਾਰੀਆਂ ਦੇ ਦਫਤਰਾਂ ਦੇ ਚੱਕਰ ਲਾ ਰਹੇ ਹਨ।
ਵਿਦੇਸ਼ਾਂ ’ਚ ਵੀ ਖੋਲ੍ਹੇ ਬੈਂਕ ਖਾਤੇ ਅਤੇ ਲਏ ਹੋਏ ਹਨ ਲੋਨ
ਪੰਜਾਬ ਦੇ ਕਈ ਵੱਡੇ ਕਾਰੋਬਾਰੀਆਂ ਨੇ ਤਾਂ ਵਿਦੇਸ਼ ਵਿਚ ਕਈ ਬੈਕਾਂ ’ਚ ਖਾਤੇ ਖੋਲ੍ਹ ਲਏ ਹਨ। ਪ੍ਰਾਈਵੇਟ ਕਾਲਜਾਂ ਤੋਂ ਆਉਣ ਵਾਲੀ ਮੋਟੀ ਕਮਿਸ਼ਨ ਉਕਤ ਟਰੈਵਲ ਕਾਰੋਬਾਰੀ ਹੁਣ ਵਿਦੇਸ਼ਾਂ ਦੇ ਖਾਤਿਆਂ ਵਿਚ ਹੀ ਲੈ ਰਹੇ ਹਨ। ਪਹਿਲਾਂ ਉਕਤ ਕਾਰੋਬਾਰੀ ਭਾਰਤ ਵਿਚ ਖੁੱਲ੍ਹੇ ਆਪਣੇ ਬੈਂਕ ਖਾਤਿਆਂ ’ਚ ਕਮਿਸ਼ਨ ਮੰਗਵਾਉਂਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ ਤੋਂ ਆਈ ਪੇਮੈਂਟ ਦਾ ਟੈਕਸ ਭੁਗਤਾਨ ਕਰਨਾ ਪੈਂਦਾ ਸੀ। ਦੂਜੇ ਪਾਸੇ ਕਈ ਟਰੈਵਲ ਕਾਰੋਬਾਰੀਆਂ ਨੇ ਵਿਦੇਸ਼ ਦੇ ਬੈਂਕਾਂ ਤੋਂ ਵੀ ਪ੍ਰਾਈਵੇਟ ਕਾਲਜ ਖਰੀਦਣ ਦੇ ਨਾਂ ’ਤੇ ਲੋਨ ਲਏ ਹੋਏ ਹਨ। ਰੱਬ ਨਾ ਕਰੇ ਜੇ ਉਕਤ ਕਾਲਜਾਂ ’ਤੇ ਵੀ ਬੈਂਕਰਪਸੀ (ਦੀਵਾਲੀਆਪਨ) ਦੀ ਗਾਜ ਡਿੱਗ ਪਈ ਤਾਂ ਉਸ ਦਾ ਖਮਿਆਜ਼ਾ ਕਿਸ ਨੂੰ ਭੁਗਤਣਾ ਪਵੇਗਾ?
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸੋਗ ਦੀ ਲਹਿਰ
ਆਈਲੈਟਸ ’ਚ 500 ਤੋਂ 2 ਹਜ਼ਾਰ ਰੁਪਏ ਫੀਸ ਲਵੋ, ਵੀਜ਼ਾ ’ਚ ਲੱਖਾਂ ਕਮਾਓ
ਵਿਦੇਸ਼ ’ਚ ਪੜ੍ਹਾਈ ਲਈ ਆਈਲੈਟਸ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੁੰਦਾ ਹੈ। ਇਸ ਕਾਰਨ ਆਈਲੈਟਸ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਹਜ਼ਾਰਾਂ ਰੁਪਿਆਂ ਦੀ ਫੀਸ ਦੇਣੀ ਪੈਂਦੀ ਸੀ। ਆਈਲੈਟਸ ਦੀ ਤਿਆਰੀ ਲਈ ਹੁਣ ਕੁਝ ਟਰੈਵਲ ਕਾਰੋਬਾਰੀਆਂ ਨੇ ਨਵੇਂ ਆਈਲੈਟਸ ਸੈਂਟਰ ਖੋਲ੍ਹ ਕੇ ਵਿਦਿਆਰਥੀਆਂ ਕੋਲੋਂ ਸਿਰਫ 500 ਤੋਂ 2 ਹਜ਼ਾਰ ਰੁਪਏ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉੱਥੋਂ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਝਾਂਸੇ ਵਿਚ ਲੈ ਕੇ ਅਤੇ ਉਨ੍ਹਾਂ ਨੂੰ ਵਿਦੇਸ਼ ਦੇ ਪ੍ਰਾਈਵੇਟ ਕਾਲਜਾਂ ’ਚ ਭੇਜ ਕੇ ਉੱਥੋਂ ਹਰੇਕ ਵਿਦਿਆਰਥੀ ਕੋਲੋਂ ਲੱਖਾਂ ਰੁਪਏ ਕਮਾ ਸਕਣ।
ਕੀ ਰੱਖੀਏ ਸਾਵਧਾਨੀ?
- ਕੈਨੇਡਾ ਲਈ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਯੂਨੀਵਰਸਿਟੀ ਤੇ ਕਾਲਜ ਦੀ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਜਾਂਚ ਕਰ ਲਵੋ। ਕਿਸੇ ਵੀ ਟਰੈਵਲ ਕਾਰੋਬਾਰੀ ਦੇ ਝਾਂਸੇ ਵਿਚ ਨਾ ਆਓ।
- ਕੈਨੇਡਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਕਾਰੀ ਯੂਨੀਵਰਸਿਟੀ ਤੇ ਸਰਕਾਰੀ ਕਾਲਜ ਨੂੰ ਹੀ ਪਹਿਲ ਦਿਓ। ਜੇ ਤੁਹਾਡੇ ਨਾਲ ਕਿਸੇ ਨੇ ਠੱਗੀ ਮਾਰੀ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਤੁਰੰਤ ਦਿਓ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ
NEXT STORY