ਬੀਜਿੰਗ (ਭਾਸ਼ਾ)- ਚੀਨ ਵਿਚ ਬੁੱਧਵਾਰ ਨੂੰ ਕੋਵਿਡ-19 ਦੇ 100 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 9 ਮਾਮਲੇ ਬੀਜਿੰਗ ਵਿਚ ਪਾਏ ਗਏ। ਕੋਰੋਨਾ ਵਾਇਰਸ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਇਥੇ ਪਹਿਲਾਂ ਹੀ ਕਈ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਸ਼ਹਿਰ ਦੇ ਵਸਨੀਕਾਂ ਦੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਯਾਤਰਾ ਕਰਨ 'ਤੇ ਪਾਬੰਦੀ ਸ਼ਾਮਲ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕੋਵਿਡ-19 ਦੇ 93 ਸਥਾਨਕ ਤੌਰ 'ਤੇ ਸੰਕਰਮਿਤ ਹੋਏ ਮਰੀਜ਼ ਅਤੇ 16 ਨਵੇਂ ਮਰੀਜ਼ ਸਾਹਮਣੇ ਆਏ ਜੋ ਵਿਦੇਸ਼ ਤੋਂ ਸੰਕਰਮਿਤ ਹੋ ਕੇ ਆਏ ਸਨ। ਹਾਲ ਹੀ ਦੇ ਦਿਨਾਂ ਵਿਚ ਇਨਫੈਕਸ਼ਨ ਦੇ ਇਹ ਨਵੇਂ ਮਾਮਲੇ ਸਭ ਤੋਂ ਵੱਧ ਹਨ। ਸਿਹਤ ਕਮਿਸ਼ਨ ਨੇ ਦੱਸਿਆ ਕਿ ਨਵੇਂ ਸਥਾਨਕ ਮਾਮਲਿਆਂ ਵਿਚੋਂ 35 ਮਾਮਲੇ ਰੂਸ ਦੀ ਸਰਹੱਦ ਨਾਲ ਲੱਗਦੇ ਹੇਲੀਓਂਗਜਿਆਂਗ ਸੂਬੇ ਵਿਚ, 14 ਹੇਬੇਈ ਵਿਚ, 14 ਗਾਂਸੂ ਵਿਚ, 9 ਬੀਜਿੰਗ ਵਿਚ, 6 ਇਨਰ ਮੰਗੋਲੀਆ ਵਿਚ, ਚੋਂਗਕਿੰਗ ਅਤੇ ਕਿੰਗਹਾਈ ਵਿਚ 4-4, ਚਿਆਂਗਸੀ, ਯੂਨਾਨ ਅਤੇ ਨਿੰਗਜ਼ੀਆ ਵਿਚ 2-2 ਮਾਮਲੇ ਅਤੇ ਸਿਚੁਆਨ ਵਿਚ 1 ਮਾਮਲਾ ਮਿਲਿਆ।
ਇਸ ਨੇ ਦੱਸਿਆ ਕਿ ਮੰਗਲਵਾਰ ਨੂੰ ਹੀ ਵਿਦੇਸ਼ਾਂ ਤੋਂ ਸੰਕਰਮਿਤ ਆਏ 16 ਲੋਕਾਂ ਦਾ ਵੀ ਪਤਾ ਲੱਗਿਆ, ਜਿਨ੍ਹਾਂ ਵਿਚੋਂ 3 ਵਿਚ ਪਹਿਲਾਂ ਲੱਛਣ ਨਹੀਂ ਮਿਲੇ ਸਨ। ਕਮਿਸ਼ਨ ਨੇ ਕਿਹਾ ਕਿ ਮੁੱਖ ਭੂਮੀ ਦੇ ਬਾਹਰੋਂ ਆਉਣ ਵਾਲਾ ਇਕ ਨਵਾਂ ਸ਼ੱਕੀ ਮਾਮਲਾ ਸ਼ੰਘਾਈ ਵਿਚ ਪਾਇਆ ਗਿਆ ਅਤੇ ਮੰਗਲਵਾਰ ਨੂੰ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ। ਪਹਿਲੀ ਵਾਰ ਦਸੰਬਰ 2019 ਵਿਚ ਵੁਹਾਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਚੀਨ ਵਿਚ ਹੁਣ ਤੱਕ ਅਧਿਕਾਰਤ ਤੌਰ 'ਤੇ ਮੰਗਲਵਾਰ ਤੱਕ 97,423 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4,636 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ। ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੰਗਲਵਾਰ ਤੱਕ 1,000 ਮਰੀਜ਼ਾਂ ਦਾ ਸੰਕਰਮਣ ਲਈ ਇਲਾਜ ਚੱਲ ਰਿਹਾ ਸੀ, ਜਿਨ੍ਹਾਂ ਵਿਚੋਂ 37 ਦੀ ਹਾਲਤ ਗੰਭੀਰ ਹੈ। ਕੋਵਿਡ ਦਾ ਇਕ ਵੀ ਮਾਮਲਾ ਨਾ ਆਉਣ ਦੀ ਨੀਤੀ ਦੇ ਚੱਲ ਰਹੇ ਚੀਨ ਵਿਚ ਵੱਖ-ਵੱਖ ਥਾਵਾਂ 'ਤੇ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕਿ ਉਸ ਦੀ 76 ਫ਼ੀਸਦੀ ਆਬਾਦੀ ਨੂੰ ਕੋਵਿਡ ਦਾ ਟੀਕਾ ਲੱਗ ਚੁੱਕਾ ਹੈ।
ਪਾਕਿ-ਅਫ਼ਗਾਨ ਸਰਹੱਦੀ ਲਾਂਘਾ ਪੈਦਲ ਯਾਤਰੀਆਂ ਤੇ ਵਾਹਨਾਂ ਲਈ ਖੁੱਲ੍ਹਿਆ
NEXT STORY