ਵੈੱਬ ਡੈਸਕ: ਦੁਨੀਆ ਭਰ 'ਚ ਬੱਚਿਆਂ ਅਤੇ ਕਿਸ਼ੋਰਾਂ (Teenagers) ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਵਧ ਰਹੀ ਚਿੰਤਾ ਦੇ ਵਿਚਕਾਰ ਮੈਟਾ (Meta) ਦੇ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਨਾਬਾਲਗ ਯੂਜ਼ਰ ਵਾਰ-ਵਾਰ ਆਤਮ ਹੱਤਿਆ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਸ਼ਬਦ ਸਰਚ ਕਰਦਾ ਹੈ, ਤਾਂ ਉਸ ਦੇ ਮਾਪਿਆਂ ਨੂੰ ਇਸ ਬਾਰੇ ਤੁਰੰਤ ਸੂਚਿਤ ਕੀਤਾ ਜਾਵੇਗਾ। ਕੰਪਨੀ ਮੁਤਾਬਕ ਇਸ ਨਵੀਂ ਪ੍ਰਣਾਲੀ ਦਾ ਮਕਸਦ ਬੱਚਿਆਂ ਨੂੰ ਸਮੇਂ ਸਿਰ ਮਦਦ ਉਪਲਬਧ ਕਰਵਾਉਣਾ ਹੈ ਤਾਂ ਜੋ ਕਿਸੇ ਵੀ ਗੰਭੀਰ ਸਥਿਤੀ ਨੂੰ ਰੋਕਿਆ ਜਾ ਸਕੇ।
ਕਿਵੇਂ ਕੰਮ ਕਰੇਗਾ ਇਹ ਨਵਾਂ ਅਲਰਟ ਸਿਸਟਮ?
ਹੁਣ ਤੱਕ ਇੰਸਟਾਗ੍ਰਾਮ ਅਜਿਹੇ ਸੰਵੇਦਨਸ਼ੀਲ ਸ਼ਬਦਾਂ ਦੀ ਸਰਚ ਨੂੰ ਸਿਰਫ਼ ਬਲਾਕ ਕਰਦਾ ਸੀ ਅਤੇ ਯੂਜ਼ਰ ਨੂੰ ਹੈਲਪਲਾਈਨ ਨੰਬਰ ਦਿਖਾਉਂਦਾ ਸੀ। ਪਰ ਹੁਣ, ਜੇਕਰ ਕੋਈ ਕਿਸ਼ੋਰ ਥੋੜ੍ਹੇ ਸਮੇਂ ਵਿੱਚ ਕਈ ਵਾਰ ਖੁਦਕੁਸ਼ੀ ਜਾਂ ਸੈਲਫ-ਹਾਰਮ (Self-harm) ਨਾਲ ਜੁੜੇ ਸ਼ਬਦਾਂ ਨੂੰ ਸਰਚ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਲੇਟਫਾਰਮ ਸਿੱਧਾ ਮਾਪਿਆਂ ਨੂੰ ਨੋਟੀਫਿਕੇਸ਼ਨ ਭੇਜੇਗਾ। ਇਹ ਸਹੂਲਤ ਸਿਰਫ਼ ਉਨ੍ਹਾਂ ਪਰਿਵਾਰਾਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਨੇ ਇੰਸਟਾਗ੍ਰਾਮ ਦੀ 'ਸੁਪਰਵਿਜ਼ਨ' (ਨਿਗਰਾਨੀ) ਸੈਟਿੰਗ ਨੂੰ ਐਕਟਿਵ ਕੀਤਾ ਹੋਇਆ ਹੈ।
ਕਿਹੜੇ ਦੇਸ਼ਾਂ 'ਚ ਪਹਿਲਾਂ ਲਾਗੂ ਹੋਵੇਗਾ ਨਿਯਮ?
ਕੰਪਨੀ ਅਨੁਸਾਰ ਇਹ ਨਵਾਂ ਫੀਚਰ ਸਭ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਸ਼ੁਰੂ ਕੀਤਾ ਜਾਵੇਗਾ। ਬਾਅਦ ਵਿੱਚ ਇਸ ਨੂੰ ਹੋਰ ਦੇਸ਼ਾਂ ਵਿੱਚ ਵੀ ਲਾਗੂ ਕਰਨ ਦੀ ਯੋਜਨਾ ਹੈ, ਹਾਲਾਂਕਿ ਫਿਲਹਾਲ ਇਸ ਸੂਚੀ ਵਿੱਚ ਭਾਰਤ ਸ਼ਾਮਲ ਨਹੀਂ ਹੈ। ਇਹ ਸਹੂਲਤ ਇੰਸਟਾਗ੍ਰਾਮ ਦੇ ‘ਟੀਨ ਅਕਾਊਂਟ’ ਫੀਚਰ ਦੇ ਤਹਿਤ ਦਿੱਤੀ ਜਾਵੇਗੀ।
ਸਰਕਾਰਾਂ ਦਾ ਵਧਦਾ ਦਬਾਅ
ਆਨਲਾਈਨ ਸੁਰੱਖਿਆ ਨੂੰ ਲੈ ਕੇ ਕਈ ਦੇਸ਼ਾਂ ਨੇ ਸਖ਼ਤੀ ਦਿਖਾਈ ਹੈ। ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਰਗੇ ਕਦਮ ਚੁੱਕੇ ਹਨ, ਜਦਕਿ ਬ੍ਰਿਟੇਨ, ਸਪੇਨ, ਗ੍ਰੀਸ ਅਤੇ ਸਲੋਵੇਨੀਆ ਵਰਗੇ ਦੇਸ਼ ਵੀ ਨਾਬਾਲਗਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਸੀਮਤ ਕਰਨ ਦੇ ਵਿਕਲਪ ਤਲਾਸ਼ ਰਹੇ ਹਨ। ਇਨ੍ਹਾਂ ਹਾਲਾਤਾਂ ਵਿੱਚ ਟੈਕ ਕੰਪਨੀਆਂ 'ਤੇ ਦਬਾਅ ਵਧ ਰਿਹਾ ਹੈ ਕਿ ਉਹ ਖੁਦ ਜ਼ਿੰਮੇਵਾਰੀ ਵਾਲੇ ਕਦਮ ਚੁੱਕਣ।
ਮਾਪਿਆਂ ਦੀ ਭੂਮਿਕਾ ਹੋਵੇਗੀ ਅਹਿਮ
16 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਲਈ 'ਟੀਨ ਅਕਾਊਂਟ' ਦੀ ਸੈਟਿੰਗ ਵਿੱਚ ਬਦਲਾਅ ਕਰਨ ਲਈ ਮਾਪਿਆਂ ਦੀ ਇਜਾਜ਼ਤ ਜ਼ਰੂਰੀ ਹੁੰਦੀ ਹੈ। ਨਵਾਂ ਅਲਰਟ ਸਿਸਟਮ ਇਸ ਨਿਗਰਾਨੀ ਫੀਚਰ ਦਾ ਹਿੱਸਾ ਹੈ, ਜਿਸ ਨਾਲ ਮਾਪੇ ਸਮੇਂ ਸਿਰ ਆਪਣੇ ਬੱਚੇ ਦੀ ਮਾਨਸਿਕ ਸਥਿਤੀ ਨੂੰ ਸਮਝ ਸਕਣਗੇ ਅਤੇ ਲੋੜੀਂਦੇ ਕਦਮ ਚੁੱਕ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਲਰਟ 'ਤੇ ਕਈ ਏਅਰਬੇਸ! ਭਾਰਤੀ ਫੌਜ ਦੀ ਦਹਾੜ ਮਗਰੋਂ ਪਾਕਿਸਤਾਨ 'ਚ ਖੌਫ
NEXT STORY