ਕਾਠਮੰਡੂ,(ਭਾਸ਼ਾ)— ਸ਼ੁੱਕਰਵਾਰ ਸਵੇਰ ਨੂੰ ਨੇਪਾਲ 'ਚ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 3 ਇਕੋ ਪਰਿਵਾਰ ਦੇ ਮੈਂਬਰ ਸਨ। ਇਸ ਕਾਰਨ 3000 ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਤੁਹਾਨੂੰ ਦੱਸ ਦੇਈਏ ਕਿ ਭਕਤਾਪੁਰ ਜ਼ਿਲੇ 'ਚ ਰਾਤ ਸਮੇਂ ਢਿੱਗਾਂ ਡਿੱਗੀਆਂ ਅਤੇ ਹੜ੍ਹ ਕਾਰਨ ਕਈ ਘਰ ਰੁੜ੍ਹ ਗਏ। ਪੁਲਸ ਮੁਤਾਬਕ ਮਲਬੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਕੋ ਪਰਿਵਾਰ ਦੇ ਤਿੰਨ ਮੈਂਬਰਾਂ (ਦਾਦਾ-ਦਾਦੀ ਅਤੇ ਉਨ੍ਹਾਂ ਦੀ ਪੋਤੀ ) ਦੀ ਪਛਾਣ ਕਰ ਲਈ ਗਈ ਹੈ, ਜੋ ਹੜ੍ਹ ਕਾਰਨ ਮਾਰੇ ਗਏ।
ਜਾਣਕਾਰੀ ਮੁਤਾਬਕ ਰੁਪਾਨਦੇਹੀ 'ਚ ਦੋ ਵਿਅਕਤੀਆਂ ਅਤੇ ਕਪਿਲਵਸਤੂ, ਬੈਗਲੁੰਗ ਅਤੇ ਝਾਪਾ ਜ਼ਿਲਿਆਂ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਦਰਜਨਾਂ ਘਰ ਬਰਬਾਦ ਹੋ ਗਏ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਸਥਾਨਕ ਇੰਸਪੈਕਟਰ ਹਿਮਾਲ ਸ਼ਰੇਸਥਾ ਨੇ ਦੱਸਿਆ ਕਿ 111 ਲੋਕਾਂ ਨੂੰ ਰਾਧੇ-ਰਾਧੇ ਖੇਤਰ ਅਤੇ ਨੇੜਲੀ ਨਦੀ 'ਚੋਂ ਬਚਾਅ ਦਲ ਨੇ ਬਾਹਰ ਕੱਢਿਆ ਅਤੇ ਸਹਾਇਤਾ ਕੈਂਪ 'ਚ ਪਹੁੰਚਾਇਆ। ਲੋਕਾਂ ਦੀ ਮਦਦ ਲਈ 700 ਸੁਰੱਖਿਆ ਅਧਿਕਾਰੀ, 60 ਤੋਂ ਵਧੇਰੇ ਹਥਿਆਰਬੰਦ ਪੁਲਸ ਅਧਿਕਾਰੀ , ਨੇਪਾਲ ਫੌਜ ਦੇ ਸਿਪਾਹੀ ਅਤੇ ਰੈੱਡ ਕਰਾਸ ਮੈਂਬਰਾਂ ਨੂੰ ਲਗਾਇਆ ਗਿਆ ਹੈ।
ਨਾਈਜੀਰੀਆ : ਵਿਦਿਆਰਥਣਾਂ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਹੋਈ 20 ਸਾਲ ਦੀ ਕੈਦ
NEXT STORY