ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) 29 ਸਤੰਬਰ ਨੂੰ ਗਲਾਸਗੋ ਦੇ ਅਲਬਰਟ ਡਰਾਈਵ ਗੁਰਦੁਆਰਾ ਸਾਹਿਬ ਦੇ ਬਾਹਰ 3 ਸਿੱਖ ਨੌਜਵਾਨ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਹਾਈ ਕਮਿਸ਼ਨਰ ਦਾ ਵਿਰੋਧ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਜਾਂਚ ਨੂੰ ਪੁਲਸ ਵੱਲੋਂ ਖ਼ਤਮ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਜਾਂਚ ਦੇ ਖ਼ਤਮ ਹੋਣ ਪਿੱਛੋਂ ਪੁਲਸ ਫੋਰਸ ਨੇ ਕਿਹਾ ਕਿ ਜਾਂਚ ਵਿੱਚ ਕੋਈ ਦੋਸ਼ੀ ਨਹੀਂ ਪਾਇਆ ਗਿਆ ਅਤੇ ਕੋਈ ਅਪਰਾਧ ਕੀਤਾ ਹੋਇਆ ਨਹੀਂ ਮਿਲਿਆ।
ਹੈਰਲਡ ਸਕਾਟਲੈਂਡ ਮੁਤਾਬਕ ਕੰਜ਼ਰਵੇਟਿਵ ਐੱਮ,ਐੱਸ,ਪੀ ਪੈਮ ਗੋਸਲ ਨੇ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸੱਦਾ ਦਿੱਤਾ ਸੀ, ਜਿਸ ਦੌਰਾਨ ਸਿੱਖ ਨੌਜਵਾਨ ਗਰੁੱਪ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਇਹ ਘਟਨਾ ਸਥਾਨਕ ਅਤੇ ਅੰਤਰਰਾਸ਼ਟਰੀ ਤਣਾਅ ਦੇ ਵਿਚਕਾਰ ਵਾਪਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਕਥਿਤ ਤੌਰ 'ਤੇ ਹੱਥ ਹੈ। ਜਿਸ ਦੇ ਦਾਅਵਿਆਂ ਦਾ ਭਾਰਤ ਨੇ ਖੰਡਨ ਕੀਤਾ ਅਤੇ ਭਾਰਤ ਨੇ ਕੈਨੇਡਾ ਨੂੰ ਕਿਹਾ ਕਿ ਉਸਨੂੰ ਦਿੱਲੀ ਸਥਿਤ ਆਪਣੇ ਦੂਤਘਰ ਤੋਂ 41 ਡਿਪਲੋਮੈਟਾਂ ਨੂੰ ਹਟਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿੱਖ ਕਾਰਕੁੰਨ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ, ਉਹਨਾਂ ਦੇ ਪਰਿਵਾਰ ਨੇ ਕਿਹਾ ਖੰਡਾ ਦੀ ਮੌਤ ਦੀ ਰਸਮੀ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਨੂੰ ਵੀ ਭਾਰਤ ਸਰਕਾਰ ਨੇ ਨਿਸ਼ਾਨਾ ਬਣਾਇਆ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਸਿੱਖ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ 'ਚ 9 ਸਾਲ ਦੀ ਕੈਦ
ਹਰਦੀਪ ਸਿੰਘ ਨਿੱਝਰ ਅਤੇ ਅਵਤਾਰ ਸਿੰਘ ਖੰਡਾ ਦੋਵੇਂ ਖਾਲਿਸਤਾਨ ਲਹਿਰ ਦੇ ਸਮਰਥਕ ਸਨ। ਇਸ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜ ਸਾਲਾਂ ਤੋਂ ਭਾਰਤੀ ਜੇਲ੍ਹ ਵਿੱਚ ਬੰਦ ਡੰਬਰਟਨ ਵਿਅਕਤੀ ਜਗਤਾਰ ਸਿੰਘ ਜੌਹਲ ਦੀ ਨਜ਼ਰਬੰਦੀ ਨੂੰ ਲੈ ਕੇ ਸਕਾਟਲੈਂਡ ਦੇ ਕੁਝ ਸਿੱਖਾਂ ਵਿੱਚ ਗੁੱਸਾ ਹੈ। ਇਸ ਬਾਰੇ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਸ਼ਾਂਤਮਈ ਬਲੌਗਰ ਅਤੇ ਕਾਰਕੁੰਨ ਹੈ ਅਤੇ ਇਹ ਗ੍ਰਿਫ਼ਤਾਰੀ ਇਸ ਲਈ ਹੋਈ ਹੈ ਕਿਉਂਕਿ ਉਸਨੇ ਭਾਰਤ ਵਿੱਚ ਸਿੱਖਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦਸਤਾਵੇਜ਼ੀਕਰਨ ਕੀਤਾ ਹੈ। ਹਾਲਾਂਕਿ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਉਹ ਇੱਕ ਅੱਤਵਾਦੀ ਹੈ ਅਤੇ ਉਸਨੇ 2016-2017 ਦੌਰਾਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੁਆਰਾ ਕੀਤੀਆਂ ਅੱਠ ਨਿਸ਼ਾਨਾ ਹੱਤਿਆਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸਿੱਖ ਯੂਥ ਯੂਕੇ ਦੁਆਰਾ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ "ਉਹ ਭਾਰਤੀ ਅਧਿਕਾਰੀਆਂ ਦੀ ਆਪਣੀ ਅਧਿਕਾਰਤ ਸਮਰੱਥਾ ਵਿੱਚ ਗੁਰਦੁਆਰਿਆਂ ਵਿੱਚ ਜਾਣ ’ਤੇ ਲੰਬੇ ਸਮੇਂ ਤੋਂ ਪਾਬੰਦੀ ਨੂੰ ਬਰਕਰਾਰ ਰੱਖ ਰਹੇ ਹਨ।” ਦੱਸ ਦਈਏ ਕਿ ਪੁਲਸ ਸਕਾਟਲੈਂਡ ਦੇ ਬੁਲਾਰੇ ਨੇ ਕਿਹਾ ਕਿ ਇਸ ਵਿਰੋਧ ਦੀ ਪੁੱਛਗਿੱਛ ਤੋਂ ਬਾਅਦ ਕੋਈ ਅਪਰਾਧ ਦਰਜ ਨਹੀਂ ਕੀਤਾ ਗਿਆ ਹੈ। ਬੇਸ਼ੱਕ ਇਸ ਵਿਰੋਧ ਪ੍ਰਦਰਸ਼ਨ ਮਾਮਲੇ ਦੌਰਾਨ ਕਿਸੇ ਅਪਰਾਧਿਕ ਗਤੀਵਿਧੀ ਨੂੰ ਪੁਲਸ ਨੇ ਲਗਭਗ ਖਾਰਜ ਕਰ ਦਿੱਤਾ ਹੈ ਪਰ ਪਿਛਲੇ ਐਤਵਾਰ ਸੰਗਤ ਅਤੇ ਕਮੇਟੀ ਦਰਮਿਆਨ ਹੋਈ ਤਲਖਕਲਾਮੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਦੇ ਹੋਰ ਗਰਮਾਉਣ ਦੀ ਸ਼ੰਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕੂਲ 'ਚ ਇਕ-ਇਕ ਕਰਕੇ ਡਿੱਗੀਆਂ 95 ਕੁੜੀਆਂ, ਇਕੱਠੀਆਂ ਨੂੰ ਹੋ ਗਿਆ 'ਪੈਰਾਲਾਈਜ਼', ਵੇਖੋ ਵੀਡੀਓ
NEXT STORY