ਮਾਸਕੋ (ਏਐਨਆਈ): ਰੂਸ ਦੇ 'ਬਲੈਕ ਸੀ' ਦੇ ਤੱਟ ਨੇੜੇ ਯੂਕਰੇਨੀ ਡਰੋਨ ਹਮਲੇ ਤੋਂ ਬਾਅਦ ਲਾਇਬੇਰੀਆ-ਰਜਿਸਟਰਡ ਇੱਕ ਤੇਲ ਟੈਂਕਰ ਨੂੰ ਅੱਗ ਲੱਗਣ ਦੀ ਖ਼ਬਰ ਹੈ, ਜਿਸ ਵਿੱਚ ਚਾਲਕ ਦਲ ਦੇ ਸਾਰੇ ਮੈਂਬਰ ਭਾਰਤੀ ਨਾਗਰਿਕ ਤੈਨਾਤ ਹਨ। ਰੂਸੀ ਟਰਾਂਸਪੋਰਟ ਮੰਤਰਾਲੇ ਅਨੁਸਾਰ ਇਸ ਜਹਾਜ਼ ਨੂੰ 'ਨੇਵਲ ਡਰੋਨਾਂ' ਦੁਆਰਾ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਸਮੁੰਦਰ ਵਿੱਚ ਕੱਚੇ ਤੇਲ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਸ਼ੁਰੂਆਤ ਵਿੱਚ ਇਮਰਜੈਂਸੀ ਰਾਹਤ ਟੀਮਾਂ ਅੱਗ 'ਤੇ ਕਾਬੂ ਪਾਉਣ ਵਿੱਚ ਅਸਮਰੱਥ ਸਨ।
ਰੂਸੀ ਮੰਤਰਾਲੇ ਨੇ ਦੱਸਿਆ ਕਿ ਅੱਗ ਦੀ ਭਿਆਨਕਤਾ ਘੱਟ ਹੋਣ ਤੋਂ ਬਾਅਦ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨਗੇ। ਹਮਲੇ ਤੋਂ ਬਾਅਦ ਚਾਲਕ ਦਲ ਦੇ ਸਾਰੇ 23 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਘਟਨਾ ਰੂਸ ਦੇ ਪ੍ਰਮੁੱਖ 'ਬਲੈਕ ਸੀ' ਰਿਜ਼ੌਰਟ ਸ਼ਹਿਰ 'ਸੋਚੀ' ਦੇ ਨੇੜੇ ਵਾਪਰੀ, ਜਿਸ ਦੀ ਆਬਾਦੀ ਲਗਭਗ 5 ਲੱਖ ਦੇ ਕਰੀਬ ਹੈ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਸਮੁੰਦਰ ਦੇ ਪਾਣੀ 'ਤੇ ਭਿਆਨਕ ਲਾਟਾਂ ਅਤੇ ਸੋਚੀ ਨੇੜੇ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ।

ਇਹ ਹਮਲਾ ਉਸ ਘਟਨਾ ਤੋਂ ਇੱਕ ਦਿਨ ਬਾਅਦ ਵਾਪਰਿਆ ਹੈ, ਜਦੋਂ ਰੋਮਾਨੀਆ ਦੇ ਤੱਟ ਨੇੜੇ ਇੱਕ ਹੋਰ ਵਪਾਰਕ ਜਹਾਜ਼ 'MV ROYAD MAMMADOV' ਅੱਗ ਲੱਗਣ ਤੋਂ ਬਾਅਦ ਡੁੱਬ ਗਿਆ ਸੀ। ਉਸ ਹਾਦਸੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 3 ਭਾਰਤੀ ਨਾਗਰਿਕਾਂ ਸਮੇਤ ਚਾਲਕ ਦਲ ਦੇ ਮੈਂਬਰ ਜ਼ਖਮੀ ਹੋਏ ਸਨ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਪੁਸ਼ਟੀ ਕੀਤੀ ਕਿ ਜ਼ਖਮੀ ਭਾਰਤੀਆਂ ਨੂੰ ਰੋਮਾਨੀਆ ਦੇ ਅਧਿਕਾਰੀਆਂ ਦੁਆਰਾ ਬਚਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰੋਮਾਨੀਆ ਵਿੱਚ ਭਾਰਤੀ ਰਾਜਦੂਤ ਮਨੋਜ ਮੋਹਾਪਾਤਰਾ ਨੇ 'ਕੋਂਸਟਾਂਟਾ ਕਾਊਂਟੀ ਹਸਪਤਾਲ' ਵਿੱਚ ਇਲਾਜ ਅਧੀਨ ਤਿੰਨੋਂ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਭਾਰਤੀ ਵਿਦੇਸ਼ ਮੰਤਰਾਲੇ ਨੇ ਵਪਾਰਕ ਜਹਾਜ਼ਾਂ 'ਤੇ ਲਗਾਤਾਰ ਹੋ ਰਹੇ ਖ਼ਤਰਿਆਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਹਮਲੇ ਗਲੋਬਲ ਵਪਾਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦੇ ਹਨ। ਭਾਰਤ ਨੇ ਸੰਯੁਕਤ ਰਾਸ਼ਟਰ (UN) ਵਿੱਚ 'ਗਰੁੱਪ ਆਫ਼ ਫ੍ਰੈਂਡਜ਼ ਆਨ ਸੇਫਟੀ ਐਂਡ ਸਕਿਓਰਿਟੀ ਆਫ਼ ਸ਼ਿਪਿੰਗ ਐਂਡ ਸੀਫੇਅਰਰਜ਼' ਦੀ ਸਹਿ-ਸ਼ੁਰੂਆਤ ਵਿੱਚ ਆਪਣੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਆਪਣੇ ਸੰਬੋਧਨ ਦੌਰਾਨ ਵਪਾਰਕ ਜਹਾਜ਼ਾਂ 'ਤੇ ਹਮਲਿਆਂ 'ਤੇ ਚਿੰਤਾ ਪ੍ਰਗਟਾਈ ਸੀ।
ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ 'ਬਲੈਕ ਸੀ' ਵਿੱਚ ਵਪਾਰਕ ਸਮੁੰਦਰੀ ਆਵਾਜਾਈ 'ਤੇ ਹਮਲੇ ਲਗਾਤਾਰ ਵਧੇ ਹਨ, ਜਿੱਥੇ ਦੋਵੇਂ ਦੇਸ਼ ਜਹਾਜ਼ਾਂ ਅਤੇ ਸਮੁੰਦਰੀ ਢਾਂਚੇ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਦਿਨਾਂ ਵਿੱਚ ਮਾਸਕੋ ਨੇ ਰੋਮਾਨੀਆ ਨੇੜੇ ਯੂਕਰੇਨੀ ਖੇਤੀਬਾੜੀ ਉਤਪਾਦ ਲੈ ਕੇ ਜਾਣ ਵਾਲੇ ਅਨਾਜ ਜਹਾਜ਼ਾਂ 'ਤੇ ਹਮਲੇ ਕੀਤੇ ਹਨ। ਦੂਜੇ ਪਾਸੇ, ਕੀਵ ਦਾ ਮੰਨਣਾ ਹੈ ਕਿ ਰੂਸੀ ਪੈਟਰੋਲੀਅਮ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਯੂਕਰੇਨੀ ਸ਼ਹਿਰਾਂ 'ਤੇ ਹੋਣ ਵਾਲੇ ਹਵਾਈ ਹਮਲਿਆਂ ਦਾ ਜਾਇਜ਼ ਜਵਾਬ ਹੈ। ਦੋਵਾਂ ਦੇਸ਼ਾਂ ਨੇ ਫੌਜੀ ਕਾਰਵਾਈਆਂ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ ਹੈ, ਜਿਸ ਨਾਲ 'ਬਲੈਕ ਸੀ' ਵਿੱਚ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋਰ ਵਧ ਗਈਆਂ ਹਨ। ਇਸ ਤੋਂ ਇਲਾਵਾ ਮਾਸਕੋ ਨੇ ਕੀਵ ਦੇ ਮੁੱਖ ਪੁਲਾਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਦਿਨ ਦੇ ਸਮੇਂ ਡਰੋਨ ਹਮਲੇ ਸ਼ੁਰੂ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡਿਫੈਂਸ 'ਚ ਪਾਕਿਸਤਾਨ ਦੀ ਵੱਡੀ ਛਲਾਂਗ ! 'ਫਤਿਹ-4' ਕਰੂਜ਼ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
NEXT STORY