ਟੋਰਾਂਟੋ— ਟੋਰਾਂਟੋ ਨੇੜੇ ਏਜੈਕਸ ਤੋਂ 8 ਮਿਲੀਅਨ ਡਾਲਰ ਯਾਨੀ ਕਿ ਕਰੀਬ 40 ਕਰੋੜ ਦੀ ਠੱਗੀ ਮਾਰਨ ਦੇ ਦੋਸ਼ਾਂ ਅਧੀਨ ਭਾਰਤੀ ਜੋੜੇ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 30 ਸਾਲਾ ਸੁਕੰਨਿਆ ਪੰਚਾਲੀਗਮ ਅਤੇ ਉਸ ਦੇ ਪਤੀ 35 ਸਾਲਾ ਬਾਲਾਸੁਬਰਾਮਨੀਅਮ ਸ਼ਾਂਜੀਫਕਰਾਂ ਨੂੰ ਘਪਲੇਬਾਜ਼ੀ, ਨਕਲੀ ਕੰਪਨੀਆਂ ਦੇ ਨਾਂ 'ਤੇ ਬੈਂਕਾਂ ਤੋਂ ਕਰਜ਼ੇ ਲੈਣ, ਕਾਲੇ ਧਨ ਨੂੰ ਚਿੱਟਾ ਕਰਨ ਆਦਿ ਸੰਬੰਧੀ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਸੁਕੰਨਿਆ ਬੈਂਕ ਵਿਚ ਫਰਾਂਡ ਡਿਟੈਕਸ਼ਨ ਏਜੰਟ (ਘਪਲੇਬਾਜ਼ੀ ਰੋਕਣ ਵਾਲੀ ਏਜੰਟ) ਦੇ ਤੌਰ 'ਤੇ ਕੰਮ ਕਰਦੀ ਸੀ ਪਰ ਉਸ ਨੇ ਇੱਥੇ ਆਪਣੇ ਪਤੀ ਨਾਲ ਮਿਲ ਕੇ ਅਜਿਹੀ ਠੱਗੀ ਮਾਰੀ, ਜਿਸ ਦੀਆਂ ਗੱਲਾਂ ਪੂਰੇ ਕੈਨੇਡਾ ਵਿਚ ਹੋ ਰਹੀਆਂ ਹਨ।
ਇਸ ਮਾਮਲੇ ਦੀ ਜਾਂਚ ਜੂਨ, 2016 ਵਿਚ ਉਸ ਸਮੇਂ ਸ਼ੁਰੂ ਹੋਈ ਸੀ, ਜਦੋਂ ਇਕ ਵਪਾਰਕ ਅਦਾਰੇ ਨੇ ਇਕ ਔਰਤ ਵੱਲੋਂ ਮਿਲੇ ਚੈੱਕ ਨੂੰ ਕੈਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਚੈੱਕ ਨਕਲੀ ਨਿਕਲਿਆ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਜਿਹੇ ਹੋਰ ਕਈ ਪੀੜਤ ਹਨ, ਜਿਨ੍ਹਾਂ ਨਾਲ ਅਜਿਹਾ ਧੋਖਾ ਹੋਇਆ। ਜਾਂਚ ਵਿਚ ਪਤਾ ਲੱਗਾ ਕਿ ਅਜਿਹੇ ਸੈਂਕੜੇ ਚੈੱਕ ਕਈ ਬੈੱਕ ਅਕਾਊਂਟਾਂ ਅਤੇ ਵਪਾਰਕ ਅਦਾਰਿਆਂ ਦੇ ਅਕਾਊਂਟਸ ਵਿਚ ਜਮਾ ਕਰਵਾਏ ਗਏ, ਜਿਹੜੇ ਨਕਲੀ ਸਨ।
ਭਾਰਤੀ ਜੋੜੇ ਨੇ ਨਕਲੀ ਪਛਾਣ ਪੱਤਰ ਬਣਾ ਕੇ ਕਈ ਨਕਲੀ ਬੈਂਕ ਖਾਤੇ ਵੀ ਖੋਲ੍ਹੇ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਕਰੈਡਿਟ ਕਾਰਡ ਅਤੇ ਕਰਜ਼ੇ ਹਾਸਲ ਕੀਤੇ। ਇਸ ਪੈਸੇ ਦੀ ਵਰਤੋਂ ਉਨ੍ਹਾਂ ਨੇ ਵਪਾਰ ਕਰਨ ਅਤੇ ਮਹਿੰਗੇ-ਮਹਿੰਗੇ ਵਾਹਨ ਅਤੇ ਹੋਰ ਵਸਤਾਂ ਖਰੀਦਣ ਵਿਚ ਕੀਤੀ। ਇਨ੍ਹਾਂ ਮਹਿੰਗੇ ਵਾਹਨਾਂ ਨੂੰ ਵੀ ਉਹ ਨਿਲਾਮ ਕਰਕੇ ਪੈਸੇ ਵੱਟਦੇ ਸਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਘਪਲੇਬਾਜ਼ੀ ਵਿਚ ਇਨ੍ਹਾਂ ਦੋਹਾਂ ਪਤੀ-ਪਤਨੀ ਤੋਂ ਇਲਾਵਾ ਹੋਰ 12 ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਪ੍ਰੈਲ ਵਿਚ ਹੋਵੇਗੀ। ਪੁਲਸ ਨੇ ਇਸ ਗਿਰੋਹ ਵੱਲੋਂ ਠੱਗੇ ਗਏ ਲੋਕਾਂ ਨੂੰ ਅੱਗੇ ਆਉਣ ਅਤੇ ਸੂਚਨਾ ਸਾਂਝੀ ਕਰਨ ਲਈ ਕਿਹਾ ਹੈ, ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾ ਸਕੇ।
ਸ਼੍ਰੀਲੰਕਾ 'ਚ ਪੱਤਰਕਾਰ ਨੂੰ ਅਗਵਾ ਕਰਨ ਦੇ ਦੋਸ਼ 'ਚ ਫੌਜੀ ਅਤੇ ਅਧਿਕਾਰੀ ਗ੍ਰਿਫਤਾਰ
NEXT STORY