ਪੇਸ਼ਾਵਰ— ਪਾਕਿਸਤਾਨ ਦੀ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਨੂੰ ਮਨਜ਼ੂਰੀ ਤੋਂ ਬਾਅਦ ਹੁਣ ਦੇਸ਼ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੀ ਸਰਕਾਰ ਨੇ ਪੇਸ਼ਾਵਰ ਦੇ ਹਿੰਦੂ ਧਾਰਮਿਕ ਸਥਾਨ ਪੰਜ ਤੀਰਥ ਨੂੰ ਨੈਸ਼ਨਲ ਹੈਰੀਟੇਜ ਐਲਾਨ ਦਿੱਤਾ ਹੈ। ਪੰਜ ਤੀਰਥ, ਜਿਸ ਦਾ ਨਾਂ ਇਥੋਂ ਦੇ ਪੰਜ ਤਲਾਬਾਂ ਦੇ ਨਾਂ 'ਤੇ ਰੱਖਿਆ ਗਿਆ ਹੈ, 'ਚ ਇਕ ਮੰਦਰ ਤੇ ਇਕ ਪਾਰਕ ਹੈ, ਜਿਥੇ ਕੁਝ ਰੁੱਖ ਲੱਗੇ ਹੋਏ ਹਨ। ਇਹ ਧਾਰਮਿਕ ਸਥਾਨ ਹੁਣ ਚਾਚਾ ਯੂਨਸ ਪਾਰਕ, ਖੈਬਰ ਪਖਤੂਨਖਵਾ ਚੈਂਬਰ ਆਫ ਕਾਮਰਸ ਤੇ ਇੰਡਸਟ੍ਰੀ ਦੇ ਦਾਇਰੇ 'ਚ ਆ ਗਿਆ ਹੈ।
ਪਾਕਿਸਤਾਨ ਦੇ ਕੇਪੀ ਡਾਇਰੈਕਟੋਰੇਟ ਆਫ ਆਰਕਿਓਲੋਜੀ ਐਂਡ ਮਿਊਜ਼ੀਅਮ ਨੇ ਕੇਪੀ ਐਂਟੀਕਸ ਐਕਟ 2016 ਅਧੀਨ ਇਸ ਲਈ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਕਿ ਪੰਜ ਤੀਰਥ ਪਾਰਕ ਹੁਣ ਇਕ ਨੈਸ਼ਨਲ ਹੈਰੀਟੇਜ ਹੈ। ਮੰਨਿਆ ਜਾਂਦਾ ਹੈ ਕਿ ਇਸ ਧਾਰਮਿਕ ਸਥਾਨ ਦਾ ਸਬੰਧ ਮਹਾਭਾਰਤ ਨਾਲ ਹੈ ਤੇ ਉਸ ਵੇਲੇ ਲੋਕ ਇਨ੍ਹਾਂ ਤਲਾਬਾਂ 'ਚ ਸਨਾਨ ਕਰਦੇ ਸਨ ਤੇ ਪੂਜਾ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਇਹ ਮੰਦਰ 1747 'ਚ ਅਫਗਾਨ ਹਕੂਮਤ ਦੌਰਾਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ ਤੇ ਬਾਅਦ 'ਚ ਸਿੱਖ ਹਕੂਮਤ ਦੌਰਾਨ ਸਥਾਨਕ ਲੋਕਾਂ ਨੇ ਇਸ ਮੰਦਰ ਦਾ ਦੁਬਾਰਾ ਨਿਰਮਾਣ ਕਰਵਾਇਆ ਤੇ ਇਥੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੇ ਨਾਲ ਹੀ ਸੂਬਾਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਹੈਰੀਟੇਜ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
'ਇਟਲੀ 'ਚ ਲੁਕੇ ਹਨ ਉੱਤਰ ਕੋਰੀਆ ਦੇ ਸਫੀਰ'
NEXT STORY