ਕੀਵ (ਭਾਸ਼ਾ)- ਯੂਕ੍ਰੇਨ ਫ਼ੌਜ ਨੂੰ ਦੱਖਣੀ ਮੋਰਚੇ ’ਤੇ ਮਿਲ ਰਹੀ ਬੜ੍ਹਤ ਨਾਲ ਰੂਸ ਦੀ ਚਿੰਤਾ ਵਧ ਗਈ ਹੈ ਅਤੇ ਉਹ ਅੰਸ਼ਿਕ ਤੌਰ ’ਤੇ ਕਬਜ਼ੇ ਵਾਲੇ ਖੇਰਸਾਨ ਖੇਤਰ ਦੇ ਨਿਵਾਸੀਆਂ ਨੂੰ ਮੁਫ਼ਤ ਰਿਹਾਇਸ਼ ਦਾ ਵਾਅਦਾ ਕਰ ਰਿਹਾ ਹੈ ਜੋ ਉਥੋਂ ਰੂਸ ਜਾਣਾ ਚਾਹੁੰਦੇ ਹਨ। ਰੂਸ ਦੇ ਉਪ ਪ੍ਰਧਾਨ ਮੰਤਰੀ ਮਰਾਤ ਖੁਸਨੁਲਿਨ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਕੁਝ ਦੇਰ ਪਹਿਲਾਂ ਖੇਰਸਾਨ ਦੇ ਰੂਸ ਸਮਰਥਿਤ ਨੇਤਾ ਵਲਾਦੀਮੀਰ ਸਾਲਦੋ ਨੇ ਕ੍ਰੇਮਲਿਨ ਤੋਂ ਖੇਤਰ ਦੇ ਚਾਰ ਸ਼ਹਿਰਾਂ ਤੋਂ ਲੋਕਾਂ ਨੂੰ ਕੱਢਣ ਲਈ ਕਿਹਾ ਸੀ। ਖੇਰਸਾਨ ਯੂਕ੍ਰੇਨ ਦੇ ਉਨ੍ਹਾਂ ਚਾਰ ਖੇਤਰਾਂ ਵਿਚੋਂ ਇਕ ਹੈ ਜਿਨ੍ਹਾਂ ’ਤੇ ਰੂਸ ਨੇ ਪਿਛਲੇ ਮਹੀਨੇ ਨਾਜਾਇਜ਼ ਤੌਰ ’ਤੇ ਕਬਜ਼ਾ ਜਮਾ ਲਿਆ ਸੀ।
ਸਾਲਦੋ ਨੇ ਵੀਰਵਾਰ ਨੂੰ ਇਕ ਵੀਡੀਓ ਪੋਸਟ ਕਰ ਕਿਹਾ ਕਿ ਖੇਰਸਾਨ ਖੇਤਰ ਦੇ ਸ਼ਹਿਰਾਂ- ਖੇਰਸਾਨ ਅਤੇ ਨੋਵਾ ਕਾਖੋਵੱਕਾ, ਹੋਲਾ ਪ੍ਰਿਸਤਾਨ ਅਤੇ ਚੋਰਨੋਬੇਵਕਾ ਵਿਚ ਰੋਜ਼ ਮਿਜ਼ਾਈਲੀ ਹਮਲੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਿਜ਼ਾਈਲੀ ਹਮਲਿਆਂ ਨਾਲ ਸਥਾਨਕ ਨਿਵਾਸੀਆਂ ਨੂੰ ਗੰਭੀਰ ਨੁਕਸਾਨ ਹੁੰਦਾ ਹੈ। ਮਿਜ਼ਾਈਲੀ ਹਮਲੇ ਦੇ ਨਿਸ਼ਾਨੇ ’ਤੇ ਹੋਟਲ, ਰਿਹਾਇਸ਼ੀ ਇਮਾਰਤਾਂ, ਬਾਜ਼ਾਰ ਅਤੇ ਉਹ ਸਥਾਨ ਹਨ ਜਿੱਥੇ ਬਹੁਤ ਸਾਰੇ ਨਾਗਰਿਕ ਹਨ।
ਇਹ ਵੀ ਪੜ੍ਹੋ: ਪਾਕਿਸਤਾਨ : ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦਾ ਨਮਾਜ਼ ਅਦਾ ਕਰਨ ਦੌਰਾਨ ਗੋਲੀ ਮਾਰ ਕੇ ਕਤਲ
ਸਾਲਦੋ ਨੇ ਕਿਹਾ ਕਿ ਖੇਰਸਾਨ ਦੇ ਨਿਵਾਸੀਆਂ ਨੂੰ ਕੱਢ ਕੇ ਰੂਸ ਦੇ ਰੋਸਤੋਵ, ਕ੍ਰਾਸਨੋਦਰ ਅਤੇ ਸਤਾਵ੍ਰੋਪੋਲ ਦੇ ਨਾਲ ਹੀ ਕ੍ਰੀਮੀਆ ਲਿਜਾਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਨਿਵਾਸੀਆਂ ਨੂੰ ਕੱਢਣ ਦੀ ਅਪੀਲ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਯੂਕ੍ਰੇਨੀ ਫੌਜ ਨੇ ਦੱਖਣੀ ਖੇਰਸਾਨ ਖੇਤਰ ਵਿਚ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦਰਮਿਆਨ ਰੂਸ ਨੇ ਯੂਕ੍ਰੇਨ ਦੇ ਅਹਿਮ ਸਥਾਨਾਂ ’ਤੇ ਆਪਣੇ ਹਮਲੇ ਸ਼ੁੱਕਰਵਾਰ ਨੂੰ ਜਾਰੀ ਰੱਖੇ। ਜਾਪੋਰਿਜਿਆ ਖੇਤਰ ਦੀ ਰਾਜਧਾਨੀ ਰਾਤਭਰ ਰੂਸ ਦੇ ਮਿਜ਼ਾਈਲੀ ਹਮਲਿਆਂ ਨਾਲ ਦਹਿਲਦੀ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਕਿਸਤਾਨ : ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦਾ ਨਮਾਜ਼ ਅਦਾ ਕਰਨ ਦੌਰਾਨ ਗੋਲੀ ਮਾਰ ਕੇ ਕਤਲ
NEXT STORY