ਮੈਲਬੋਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਸਮੂਹ ਸਾਧ ਸੰਗਤ ਵਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ 21 ਵਾਂ ਸਲਾਨਾ ਸ਼ਹੀਦੀ ਖੇਡ ਮੇਲਾ ਐਤਵਾਰ ਨੂੰ ਸਫਲਤਾ ਪੂਰਵਕ ਸਮਾਪਤ ਹੋ ਗਿਆ। ਲਗਾਤਾਰ ਦੋ ਦਿਨ ਤੱਕ ਚੱਲੇ ਇਸ ਖੇਡ ਮੇਲੇ 'ਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਤਕਰੀਬਨ 15,000 ਦਰਸ਼ਕਾਂ ਨੇ ਹਿੱਸਾ ਲਿਆ। ਆਪਸੀ ਭਾਈਚਾਰਕ ਸਾਂਝ ਦੀਆਂ ਗੰਢਾਂ ਨੂੰ ਹੋਰ ਮਜ਼ਬੂਤ ਕਰਦਿਆਂ ਨਿਊਜ਼ੀਲੈਂਡ ਦੇ ਖਿਡਾਰੀਆਂ, ਪ੍ਰਬੰਧਕਾਂ ਅਤੇ ਹਾਜ਼ਰ ਮੀਡੀਆ ਕਰਮੀਆਂ ਦਾ ਸਮੁੱਚੇ ਆਸਟ੍ਰੇਲੀਆ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।
ਇਸ ਖੇਡ ਮੇਲੇ ਦੌਰਾਨ ਕਰਵਾਏ ਗਏ ਸਾਰੇ ਹੀ ਮੁਕਾਬਲੇ ਦਿਲਚਸਪ ਹੋ ਨਿਬੜੇ। ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਨੇ ਕਬੱਡੀ ਦੇ ਫਸਵੇਂ ਮੁਕਾਬਲੇ 'ਚ 36 ਦੇ ਮੁਕਾਬਲੇ 42.5 ਅੰਕਾਂ ਨਾਲ ਨਿਊਜ਼ੀਲੈਂਡ ਨੂੰ ਹਰਾ ਕੇ ਜੇਤੂ ਖਿਤਾਬ ਚੁੰਮਿਆ। ਪ੍ਰਾਪਤ ਹੋਏ ਖੇਡ ਨਤੀਜ਼ਿਆਂ ਮੁਤਾਬਿਕ ਫੁੱਟਬਾਲ ਜ਼ੂਨੀਅਰ 'ਚ ਸਿਡਨੀ ਸਿੱਖਜ਼ ਨੇ ਗ੍ਰਿਫਿਥ ਨੂੰ ਹਰਾ ਕੇ ਬਾਜ਼ੀ ਮਾਰੀ। ਫੁੱਟਬਾਲ ਸੀਨੀਅਰ 'ਚ ਵੀ ਸਿਡਨੀ ਸਿੱਖਜ਼ ਨੇ ਮੈਲਬੌਰਨ ਦੀ ਟੀਮ ਨੂੰ ਹਰਾ ਕੇ ਪਹਿਲਾਂ ਸਰਦਾਰੀ ਕਾਇਮ ਰੱਖੀ। ਔਰਤਾਂ ਅਤੇ 16 ਸਾਲ ਤੋਂ ਘੱਟ ਕੁੜੀਆਂ ਦੇ 'ਮਿਊਜ਼ੀਕਲ ਚੇਅਰ' ਮੁਕਾਬਲੇ ਵੀ ਕਰਵਾਏ ਗਏ। ਚਰਨਾਮਤ ਸਿੰਘ ਮੈਲਬੌਰਨ, ਰਣਜੀਤ ਖੈੜਾ ਸਿਡਨੀ ਅਤੇ ਗੱਗੀ ਤਖਤੂਪੁਰੀਆ ਨੇ ਕੁਮੈਂਟਰੀ ਦੌਰਾਨ ਸਮਾਂ ਬੰਨੀ ਰੱਖਿਆ। ਐਤਵਾਰ ਨੂੰ ਕੌਮੀ ਅਵਾਜ਼ ਰੇਡੀਓ ਮੈਲਬੋਰਨ ਅਤੇ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਵਲੋਂ ਸਿੱਖ ਇਤਿਹਾਸ, ਪੰਜਾਬੀ ਬੋਲੀ 'ਤੇ ਆਧਾਰਿਤ ਦਿਲਚਸਪ ਸਵਾਲ-ਜੁਆਬ ਮੁਕਾਬਲਾ ਕਰਵਾਇਆ ਗਿਆ। ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ,1984 ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ 'ਚ ਤਸਵੀਰ ਪ੍ਰਦਰਸ਼ਨੀ, ਪੁਸਤਕ ਮੇਲਾ ਅਤੇ ਦਸਤਾਰ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਸ਼ਨੀਵਾਰ ਨੂੰ ਸਥਾਨਕ ਗੁਰੂ ਘਰ 'ਚ ਸਜਾਏ ਗਏ ਵਿਸ਼ੇਸ਼ ਦੀਵਾਨਾਂ ਦੌਰਾਨ ਕੀਰਤਨੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਖੇਡ ਮੇਲੇ ਦੇ ਆਖਰੀ ਦਿਨ ਗ੍ਰਿਫਿਥ ਸਿਟੀ ਕੌਂਸਲ ਵਲੋਂ ਇਸ ਖੇਡ ਮੇਲੇ ਦੀ ਪ੍ਰੋੜਤਾ ਕਰਦਿਆਂ 10,000 ਹਜ਼ਾਰ ਡਾਲਰ ਦਾ ਚੈੱਕ ਭੇਂਟ ਕੀਤਾ। ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉੱਦਮ ਦੀ ਸ਼ਲਾਘਾ ਕੀਤੀ। ਦੋਵੇਂ ਦਿਨ ਗ੍ਰਿਫਿਥ ਦੀ ਸਮੂਹ ਸੰਗਤ ਅਤੇ ਖਾਲਸਾ ਛਾਉਣੀ ਮੈਲਬੋਰਨ ਵਲੋਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪ੍ਰਬੰਧਕ ਜਸਵਿੰਦਰ ਸਿੰਘ ਮਾਵੀ, ਮਨਜੀਤ ਸਿੰਘ ਲਾਲੀ ਅਤੇ ਮਨਜੀਤ ਸਿੰਘ ਖੈੜਾ ਨੇ ਇਸ ਮੌਕੇ ਹਾਜ਼ਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕ ਕਮੇਟੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਗਰੇਵਾਲ ਭਰਾਵਾਂ ਵੱਲੋਂ ਬਾਦਾਮ ਵੰਡੇ ਗਏ। ਸਰਵੋਤਮ ਰੇਡਰ ਅਤੇ ਜਾਫੀ ਵਜ਼ੋਂ ਕਬੱਡੀ ਖਿਡਾਰੀ ਗੁਰਜੀਤ ਪੱਟੀ ਵਾਲਾ ਅਤੇ ਗਿੰਦਾ ਬੱਗਾਪਿੰਡੀਆਂ ਚੁਣੇ ਗਏ। ਨਿੱਘੀ ਧੁੱਪ 'ਚ ਮਹਿਕਾਂ ਵੰਡਦਾ ਇਹ ਸ਼ਹੀਦੀ ਮੇਲਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਫਲਤਾ ਪੂਰਵਕ ਸਮਾਪਤ ਹੋਇਆ।
ਅਮਰੀਕੀ ਫੌਜੀਆਂ ਦੀ ਗੋਲੀਬਾਰੀ 'ਚ ਪਿਤਾ ਅਤੇ 2 ਪੁੱਤਰਾਂ ਦੀ ਮੌਤ
NEXT STORY