ਢਾਕਾ : ਏਸ਼ੀਆਈ ਵਿਕਾਸ ਬੈਂਕ (ADB) ਨੇ ਬੈਂਕਿੰਗ ਖੇਤਰ ਵਿੱਚ ਵਧਦੇ ਤਣਾਅ, ਢਾਂਚਾਗਤ ਸਮੱਸਿਆਵਾਂ ਅਤੇ ਊਰਜਾ ਦੀ ਭਾਰੀ ਘਾਟ ਦਾ ਹਵਾਲਾ ਦਿੰਦੇ ਹੋਏ ਵਿੱਤੀ ਵਰ੍ਹੇ 2026-27 ਲਈ ਬੰਗਲਾਦੇਸ਼ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 4 ਫੀਸਦੀ ਕਰ ਦਿੱਤਾ ਹੈ, ਜੋ ਕਿ ਇਸ ਤੋਂ ਪਹਿਲਾਂ ਜੁਲਾਈ ਵਿੱਚ 4.5 ਫੀਸਦੀ ਦੱਸਿਆ ਗਿਆ ਸੀ। ਆਪਣੇ ਤਾਜ਼ਾ 'ਏਸ਼ੀਅਨ ਡਿਵੈਲਪਮੈਂਟ ਆਊਟਲੁੱਕ' ਵਿੱਚ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਖਰਾਬ ਕਰਜ਼ਿਆਂ (NPLs), ਬੈਂਕਾਂ ਦੀ ਕਮਜ਼ੋਰ ਵਿੱਤੀ ਸਥਿਤੀ ਅਤੇ ਮਹਿੰਗੀ ਕਰਜ਼ਾ ਦਰਾਂ ਕਾਰਨ ਨਿੱਜੀ ਖੇਤਰ ਨੂੰ ਕਰਜ਼ਾ ਮਿਲਣ ਵਿੱਚ ਮੁਸ਼ਕਲ ਆ ਰਹੀ ਹੈ। ਏ.ਡੀ.ਬੀ. ਦੇ ਕੰਟਰੀ ਡਾਇਰੈਕਟਰ ਚਿੰਗਫੇਂਗ ਝਾਂਗ ਅਨੁਸਾਰ, ਬੰਗਲਾਦੇਸ਼ ਦੀ ਅਰਥਵਿਵਸਥਾ ਵਿੱਚ ਸੁਧਾਰ ਸ਼ੁਰੂ ਤਾਂ ਹੋ ਰਿਹਾ ਹੈ, ਪਰ ਇਹ ਅਜੇ ਵੀ ਬਾਹਰੀ ਅਤੇ ਦੋਹਰੇ ਝਟਕਿਆਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ, ਜਿਸ ਲਈ ਬੈਂਕਿੰਗ ਅਤੇ ਊਰਜਾ ਖੇਤਰ ਵਿੱਚ ਤੁਰੰਤ ਸੁਧਾਰਾਂ ਦੀ ਲੋੜ ਹੈ।
ਰਿਪੋਰਟ ਅਨੁਸਾਰ ਊਰਜਾ ਦੀ ਘਾਟ, ਵਧਦੀ ਉਤਪਾਦਨ ਲਾਗਤ ਅਤੇ ਸੁਸਤ ਮੰਗ ਕਾਰਨ ਵਿੱਤੀ ਵਰ੍ਹੇ 2027 ਵਿੱਚ ਉਦਯੋਗਿਕ ਵਿਕਾਸ ਦਰ ਘੱਟ ਕੇ 3.3 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਖਰਾਬ ਮੌਸਮ ਅਤੇ ਖਾਦਾਂ ਦੀ ਕਮੀ ਕਾਰਨ ਖੇਤੀਬਾੜੀ ਖੇਤਰ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ, ਵਿਦੇਸ਼ਾਂ ਤੋਂ ਆਉਂਦੇ ਪੈਸੇ (ਰੈਮਿਟੈਂਸ) ਦੇ ਸਹਾਰੇ ਸੇਵਾ ਖੇਤਰ 4.7 ਫੀਸਦੀ ਦੀ ਦਰ ਨਾਲ ਅੱਗੇ ਵਧ ਕੇ ਅਰਥਵਿਵਸਥਾ ਨੂੰ ਕੁਝ ਰਾਹਤ ਦੇਵੇਗਾ। ਹਾਲਾਂਕਿ, ਨਿੱਜੀ ਨਿਵੇਸ਼ ਘੱਟ ਵਪਾਰਕ ਭਰੋਸੇ ਅਤੇ ਉੱਚੀਆਂ ਵਿਆਜ ਦਰਾਂ ਕਾਰਨ ਸੁਸਤ ਹੀ ਰਹੇਗਾ ਅਤੇ ਸਰਕਾਰੀ ਨਿਵੇਸ਼ ਵਿੱਚ ਵੀ ਮਾਲੀਆ ਘਾਟੇ ਕਾਰਨ ਦੇਰੀ ਦੇਖਣ ਨੂੰ ਮਿਲੇਗੀ।
ਮਹਿੰਗਾਈ ਦੇ ਮੋਰਚੇ 'ਤੇ ਵੀ ਆਮ ਜਨਤਾ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ ਹੈ; 'ਐਲ ਨੀਨੋ' ਦੇ ਪ੍ਰਭਾਵ, ਊਰਜਾ ਦੀਆਂ ਕੀਮਤਾਂ ਅਤੇ ਢੋਆ-ਢੁਆਈ ਦੀ ਵਧੀ ਲਾਗਤ ਕਾਰਨ ਔਸਤ ਮਹਿੰਗਾਈ ਦਰ ਵਿੱਤੀ ਵਰ੍ਹੇ 2027 ਵਿੱਚ 9 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ, ਮੱਧ ਪੂਰਬ ਵਿੱਚ ਚੱਲ ਰਹੇ ਤਣਾਅ, ਤੇਲ ਦੀਆਂ ਵਧਦੀਆਂ ਕੀਮਤਾਂ, ਵਿਸ਼ਵ ਵਪਾਰ ਵਿੱਚ ਰੁਕਾਵਟਾਂ ਅਤੇ ਜਲਵਾਯੂ ਪਰਿਵਰਤਨ ਵਰਗੇ ਬਾਹਰੀ ਖਤਰੇ ਬੰਗਲਾਦੇਸ਼ ਦੇ ਆਰਥਿਕ ਸੁਧਾਰ ਦੀ ਰਫ਼ਤਾਰ ਨੂੰ ਹੋਰ ਧੀਮੀ ਕਰ ਸਕਦੇ ਹਨ।
ਪੰਜਾਬੀ ਮੂਲ ਦੇ ਗੁਰਮੋਹ ਦੇ ਇਲਾਜ 'ਚ ਜਾਗੀ ਨਵੀਂ ਆਸ, ਕੈਨੇਡਾ ਸਰਕਾਰ ਦੇਵੇਗੀ 30 ਕਰੋੜ ਰੁਪਏ
NEXT STORY