ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਲੰਡਨ ਦੁਨੀਆ ਦੇ ਪ੍ਰਮੁੱਖ ਰੁਝੇਵੇਂ ਭਰੇ ਸ਼ਹਿਰਾਂ ਦੀ ਗਿਣਤੀ ’ਚ ਆਉਂਦਾ ਹੈ। ਜਿਥੇ ਲੰਡਨ ਇੱਕ ਪਾਸੇ ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ, ਉੱਥੇ ਹੀ ਇਸ ਸ਼ਹਿਰ ’ਚ ਹੁੰਦੇ ਹਿੰਸਕ ਅਪਰਾਧਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ, ਜਿਸ ’ਚ ਛੁਰੇਬਾਜ਼ੀ ਦੀਆਂ ਘਟਨਾਵਾਂ ਦੀ ਦਰ ਜ਼ਿਆਦਾ ਹੈ। ਸ਼ਹਿਰ ’ਚ ਹੁੰਦੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ ਕਰਕੇ ਦਰਜਨਾਂ ਲੋਕਾਂ ਦੇ ਜਾਨ ਗੁਆਉਣ ਦੇ ਨਾਲ ਸੈਂਕੜੇ ਲੋਕ ਜ਼ਖ਼ਮੀ ਵੀ ਹੁੰਦੇ ਹਨ। ਲੰਡਨ ਪੁਲਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਕੱਲੇ ਇਸ ਸਾਲ ਹੀ ਹੁਣ ਤੱਕ ਲੰਡਨ ਦੀਆਂ ਸੜਕਾਂ ’ਤੇ ਛੁਰੇਬਾਜ਼ੀ ਕਾਰਨ 13 ਅੱਲ੍ਹੜ ਉਮਰ ਦੇ ਨੌਜਵਾਨਾਂ ਦੀ ਮੌਤ ਹੋ ਗਈ ਹੈ।
ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਮੈਟਰੋਪੋਲਿਟਨ ਪੁਲਸ ਨੇ ਮਈ 2020 ’ਚ ਸਪੈਸ਼ਲ ਹਿੰਸਾ ਰੋਕੂ ਇਕਾਈਆਂ ਦੀ ਸ਼ੁਰੂਆਤ ਵੀ ਕੀਤੀ ਸੀ, ਜਿਸ ਨੇ ਹੁਣ ਤੱਕ ਹਿੰਸਕ ਅਪਰਾਧਾਂ ਲਈ 6,000 ਤੋਂ ਵੱਧ ਲੁੱਟ-ਖੋਹ ਅਤੇ ਕਤਲਾਂ ਲਈ ਗ੍ਰਿਫਤਾਰੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਲੰਡਨ ਦੀਆਂ ਸੜਕਾਂ ’ਤੇ 1000 ਤੋਂ ਵੱਧ ਚਾਕੂ, 81 ਹਥਿਆਰ ਅਤੇ 1.5 ਮਿਲੀਅਨ ਪੌਂਡ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਇਨ੍ਹਾਂ ਸਭ ਕਾਰਵਾਈਆਂ ਦੇ ਨਾਲ ਹੀ 26 ਅਪ੍ਰੈਲ ਤੋਂ 2 ਮਈ ਦਰਮਿਆਨ ਇੱਕ ਹਫਤੇ ਤੱਕ ਚੱਲਣ ਵਾਲੇ ਆਪ੍ਰੇਸ਼ਨ ਸਕੈਪਟਰ ਨੇ ਵੀ ਹਿੰਸਕ ਅਪਰਾਧਾਂ ਨੂੰ ਘਟਾਉਣ ਦੇ ਉਦੇਸ਼ ਨਾਲ 400 ਤੋਂ ਵੱਧ ਚਾਕੂ ਅਤੇ 166 ਹੋਰ ਹਥਿਆਰਾਂ ਨੂੰ ਬਰਾਮਦ ਕੀਤਾ ਹੈ।
ਲੰਡਨ ਪੁਲਸ ਦੇ ਅੰਕੜਿਆਂ ਅਨੁਸਾਰ ਮਈ 2020 ਤੋਂ ਅਪ੍ਰੈਲ 2021 ਤੱਕ 12 ਮਹੀਨਿਆਂ ਦੀ ਮਿਆਦ ਵਿਚ ਅਧਿਕਾਰੀਆਂ ਨੇ 2,631 ਛੁਰੇਬਾਜ਼ੀ ਦੇ ਅਪਰਾਧ ਦਰਜ ਕੀਤੇ ਹਨ। ਇਸ ਮਿਆਦ ਦੌਰਾਨ ਛੁਰੇਬਾਜ਼ੀ ਦੀਆਂ ਸਭ ਤੋਂ ਵੱਧ ਘਟਨਾਵਾਂ ਲਮਬੇਥ ’ਚ ਦਰਜ ਕੀਤੀਆਂ ਗਈਆਂ, ਜਿਨ੍ਹਾਂ ਦੀ ਗਿਣਤੀ 177 ਸੀ , ਜਦਕਿ ਸਭ ਤੋਂ ਸੁਰੱਖਿਅਤ ਖੇਤਰ 25 ਅਪਰਾਧਾਂ ਦੀ ਗਿਣਤੀ ਨਾਲ ਰਿਚਮੰਡ ਸੀ।
ਇੰਗਲੈਂਡ : ਯਾਤਰਾ ਪਾਬੰਦੀਆਂ 'ਚ ਢਿੱਲ ਮਿਲਣ 'ਤੇ ਹਵਾਈ ਅੱਡਿਆਂ 'ਤੇ ਲੱਗੀਆਂ ਲਾਈਨਾਂ
NEXT STORY