ਨਿਊਯਾਰਕ (ਭਾਸ਼ਾ)– ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਕਿ ‘ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫ਼ਾ ਕਮਾ ਰਹੇ ਹਨ ਅਤੇ ਇਸ ਨੂੰ ‘ਰੋਕਣ’ ਦੀ ਲੋੜ ਹੈ।
ਨਵਾਰੋ ਨੇ ‘ਫੌਕਸ ਨਿਊਜ਼ ਸੰਡੇ’ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਕਿ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਮਹਾਨ ਨੇਤਾ ਹਨ। ਉਨ੍ਹਾਂ ਕਿਹਾ ਕਿ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਨੇਤਾ ਹਨ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਭਾਰਤੀ ਨੇਤਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕਿਵੇਂ ਸਹਿਯੋਗ ਕਰ ਰਹੇ ਹਨ। ਨਵਾਰੋ ਨੇ ਕਿਹਾ, ‘ਮੈਂ ਤਾਂ ਸਿਰਫ਼ ਇੰਨਾ ਹੀ ਕਹਿਣਾ ਚਾਹਾਂਗਾ ਕਿ ਭਾਰਤੀ ਜਨਤਾ ਕਿਰਪਾ ਕਰ ਕੇ ਸਮਝੇ ਕਿ ਇੱਥੇ ਕੀ ਹੋ ਰਿਹਾ ਹੈ। ਭਾਰਤ ਦੇ ‘ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਰੂਸੀ ਤੇਲ ਤੋਂ ਮੁਨਾਫ਼ਾ ਕਮਾ ਰਹੇ ਹਨ। ਸਾਨੂੰ ਇਸ ਨੂੰ ਰੋਕਣ ਦੀ ਲੋੜ ਹੈ।’
ਨਵਾਰੋ ਵਪਾਰ ਅਤੇ ਟੈਰਿਫ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਕਾਰ ਸਬੰਧਾਂ ਵਿਚ ਆਏ ਵਿਗਾੜ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ। ਟਰੰਪ ਨੇ ਭਾਰਤ ’ਤੇ 25 ਫੀਸਦੀ ਰੈਸੀਪਰੋਕਲ (ਪਰਸਪਰ) ਟੈਰਿਫ ਅਤੇ ਰੂਸੀ ਤੇਲ ਦੀ ਖਰੀਦ ਲਈ 25 ਫੀਸਦੀ ਵਾਧੂ ਟੈਰਿਫ ਲਾਇਆ ਹੈ। ਭਾਰਤ ਨੇ ਉਸ ’ਤੇ ਲਾਏ ਟੈਰਿਫ ਨੂੰ ‘ਅਣਉਚਿਤ ਅਤੇ ਗੈਰ-ਵਾਜਿਬ’ ਦੱਸਿਆ ਹੈ।
ਨਵਾਰੋ ਨੂੰ ਚੀਨ ਵੱਲੋਂ ਰੂਸੀ ਤੇਲ ਦੀ ਖਰੀਦ ਬਾਰੇ ਸਵਾਲ ਕੀਤਾ ਗਿਆ ਸੀ। ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਭਾਰਤ ’ਤੇ ਵਾਧੂ ਟੈਰਿਫ ਲਾਉਣਾ ਪੁਤਿਨ ਨੂੰ ‘ਗੋਡੇ ਟੇਕਣ’ ਲਈ ਮਜਬੂਰ ਕਰਨ ਲਈ ਕਾਫ਼ੀ ਹੈ।
ਰੂਸੀ ਰਿਫਾਈਨਰਾਂ ਨੇ ਭਾਰਤ ’ਚ ਵੱਡੀਆਂ ਤੇਲ ਕੰਪਨੀਆਂ ਨਾਲ ਗੰਢਤੁਪ ਕੀਤੀ
ਨਵਾਰੋ ਨੇ ਕਿਹਾ ਕਿ ਫਰਵਰੀ 2022 ਵਿਚ ਪੁਤਿਨ ਦੇ ਯੂਕ੍ਰੇਨ ’ਤੇ ਹਮਲੇ ਤੋਂ ਪਹਿਲਾਂ ਭਾਰਤ ਨੇ ਰੂਸੀ ਤੇਲ ਨਹੀਂ ਖਰੀਦਿਆ ਸੀ ਅਤੇ ਇਸ ਦੀ ਖਰੀਦ ਬਹੁਤ ਘੱਟ ਮਾਤਰਾ ਵਿਚ ਸੀ। ਉਨ੍ਹਾਂ ਕਿਹਾ, ‘ਫਿਰ ਕੀ ਹੋਇਆ? ਖੈਰ, ਰੂਸੀ ਰਿਫਾਈਨਰਾਂ ਨੇ ਭਾਰਤ ਵਿਚ ਵੱਡੀਆਂ ਤੇਲ ਕੰਪਨੀਆਂ ਨਾਲ ਗੰਢਤੁਪ ਕੀਤੀ। ਪੁਤਿਨ ਕੱਚੇ ਤੇਲ ’ਤੇ ਮੋਦੀ ਨੂੰ ਛੋਟ ਦਿੰਦੇ ਹਨ। ਉਹ ਇਸ ਨੂੰ ਰਿਫਾਇਨ ਕਰਦੇ ਹਨ ਅਤੇ ਫਿਰ ਯੂਰਪ, ਅਫਰੀਕਾ ਅਤੇ ਏਸ਼ੀਆ ਨੂੰ ਉੱਚ ਕੀਮਤ ’ਤੇ ਵੇਚ ਕੇ ਬਹੁਤ ਪੈਸਾ ਕਮਾਉਂਦੇ ਹਨ।’
ਨਵਾਰੋ ਨੇ ਕਿਹਾ, ‘ਹੁਣ, ਉਸ ਦ੍ਰਿਸ਼ ਵਿਚ ਕੀ ਗਲਤ ਹੈ?’ ਉਨ੍ਹਾਂ ਕਿਹਾ ਕਿ ਇਸ ਨਾਲ ਰੂਸੀ ਜੰਗੀ ਮਸ਼ੀਨ ਨੂੰ ‘ਈਂਧਨ’ ਮਿਲਦਾ ਹੈ ਅਤੇ ਭਾਰਤ ‘ਕ੍ਰੈਮਲਿਨ ਲਈ ਸਿਰਫ਼ ਤੇਲ ਮਨੀ ਲਾਂਡਰਿੰਗ ਦਾ ਕੇਂਦਰ’ ਬਣ ਗਿਆ ਹੈ। ਨਵਾਰੋ ਨੇ ਪਹਿਲਾਂ ਯੂਕ੍ਰੇਨ ਸੰਘਰਸ਼ ਨੂੰ ‘ਮੋਦੀ ਦੀ ਜੰਗ’ ਦੱਸਦਿਆਂ ਕਿਹਾ ਸੀ ਕਿ ‘ਸ਼ਾਂਤੀ ਦਾ ਰਸਤਾ’ ਅੰਸ਼ਿਕ ਤੌਰ ’ਤੇ ‘ਨਵੀਂ ਦਿੱਲੀ ਵਿਚੋਂ ਹੋ ਕੇ’ ਲੰਘਦਾ ਹੈ।
SCO ਸਿਖਰ ਸੰਮੇਲਨ ’ਚ ਪੁਤਿਨ ਨੂੰ ਮਿਲੇ PM ਮੋਦੀ, ਕਿਹਾ- ਭਾਰਤ-ਰੂਸ ਸਬੰਧ ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ਦੇ ਥੰਮ੍ਹ
NEXT STORY