ਅੰਕਾਰਾ (ਬਿਊਰੋ): ਅਮਰੀਕੀ ਫੌਜ ਦੇ ਵਿਸ਼ੇਸ਼ ਬਲਾਂ ਦੀ ਕਾਰਵਾਈ ਵਿਚ ਮਾਰੇ ਗਏ ਅੱਤਵਾਦੀ ਅਤੇ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੀ ਭੈਣ ਨੂੰ ਤੁਰਕੀ ਦੀ ਫੌਜ ਨੇ ਉੱਤਰੀ ਸੀਰੀਆ ਦੇ ਕਸਬ ਅਜਾਜ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਬਗਦਾਦੀ ਦੀ ਭੈਣ ਨੂੰ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਦੇ ਬਾਅਦ ਤੁਰਕੀ ਵੱਲੋਂ ਕਿਹਾ ਗਿਆ ਕਿ ਅੱਤਵਾਦ ਵਿਰੁੱਧ ਇਹ ਇਕ ਵੱਡੀ ਸਫਲਤਾ ਹੈ। ਤੁਰਕੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਗਦਾਦੀ ਦੀ 65 ਸਾਲਾ ਭੈਣ ਰਸ਼ਮੀਆ ਅਵਾਦ, ਉਸ ਦੇ ਪਤੀ ਅਤੇ ਨੂੰਹ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਸੀਰੀਆ ਦੀ ਸੀਮਾ ਦੇ ਕਰੀਬ ਤੁਰਕੀ ਦੇ ਕੰਟਰੋਲ ਵਾਲੇ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਉਸ ਦੇ ਨਾਲ 5 ਬੱਚੇ ਵੀ ਸਨ। ਸਾਨੂੰ ਆਸ ਹੈ ਕਿ ਆਈ.ਐੱਸ.ਆਈ.ਐੱਸ. ਦੇ ਅੰਦਰੂਨੀ ਕੰਮਕਾਜ 'ਤੇ ਬਗਦਾਦੀ ਦੀ ਭੈਣ ਤੋਂ ਖੁਫੀਆ ਜਾਣਕਾਰੀ ਮਿਲ ਸਕਦੀ ਹੈ। ਭਾਵੇਂਕਿ ਬਗਦਾਦੀ ਦੀ ਭੈਣ ਦੇ ਬਾਰੇ ਵਿਚ ਬਹੁਤ ਘੱਟ ਜਾਣਕਾਰੀ ਉਪਲਬਧ ਹੈ। ਜੇਕਰ ਉਸ ਨੂੰ ਗ੍ਰਿਫਤਾਰ ਕੀਤਾ ਵੀ ਗਿਆ ਹੈ ਤਾਂ ਇਸ ਦੀ ਸੁਤੰਤਰ ਪੁਸ਼ਟੀ ਸਮਾਚਾਰ ਏਜੰਸੀਆਂ ਨਹੀਂ ਕਰ ਪਾਈਆਂ ਹਨ।
ਪਿਛਲੇ ਮਹੀਨੇ ਉੱਤਰੀ ਪੱਛਮੀ ਸੀਰੀਆ ਵਿਚ ਅਮਰੀਕੀ ਵਿਸ਼ੇਸ਼ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਕ ਸੁਰੰਗ ਵਿਚ ਫਸ ਜਾਣ ਦੇ ਬਾਅਦ ਬਗਦਾਦੀ ਨੇ ਖੁਦ ਨੂੰ ਆਤਮਘਾਤੀ ਬੰਬ ਨਾਲ ਉਡਾ ਲਿਆ ਸੀ। ਇਸਲਾਮਿਕ ਸਟੇਟ ਨੇ ਵੀਰਵਾਰ ਨੂੰ ਆਨਲਾਈਨ ਪੋਸਟ ਕੀਤੇ ਗਏ ਆਡੀਓ ਟੇਪ ਵਿਚ ਪੁਸ਼ਟੀ ਕੀਤੀ ਸੀ ਕਿ ਉਸ ਦੇ ਨੇਤਾ ਦੀ ਮੌਤ ਹੋ ਗਈ ਸੀ। ਉਸਨੇ ਅਮਰੀਕਾ ਵਿਰੁੱਧ ਬਦਲਾ ਲੈਣ ਦੀ ਕਸਮ ਖਾਧੀ ਸੀ।
ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਤੋਂ ਪਹਿਲਾਂ ਪਾਕਿ ਨੇ ਜਾਰੀ ਕੀਤਾ 'ਵਿਸ਼ੇਸ਼ ਗੀਤ'
NEXT STORY