ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੀਅਰ ਵਿਦੇਸ਼ ਸੇਵਾ ਅਧਿਕਾਰੀ ਡੇਵਿਡ ਹੇਲ ਨੂੰ ਵਿਦੇਸ਼ ਮੰਤਰਾਲੇ ਦੇ ਤੀਜੇ ਸਭ ਤੋਂ ਵੱਡੇ ਅਹੁਦੇ-ਰਾਜ ਦੇ ਅਧੀਨ ਸਕੱਤਰ (ਅੰਡਰ ਸੈਕਟਰੀ ਆਫ ਸਟੇਟ) ਲਈ ਨਾਮਜ਼ਦ ਕੀਤਾ ਹੈ। ਵਰਤਮਾਨ ਵਿਚ ਹੇਲ ਪਾਕਿਸਤਾਨ ਵਿਚ ਅਮਰੀਕਾ ਦੇ ਰਾਜਦੂਤ ਹਨ। ਸਿਆਸੀ ਮਾਮਲਿਆਂ ਲਈ ਅੰਡਰ ਸੈਕਟਰੀ ਦਾ ਅਹੁਦਾ ਵਿਦੇਸ਼ ਮੰਤਰੀ ਅਤੇ ਉਪ ਵਿਦੇਸ਼ ਮੰਤਰੀ ਦੇ ਬਾਅਦ ਵਿਦੇਸ਼ ਮੰਤਰਾਲੇ ਦਾ ਤੀਜਾ ਸਭ ਤੋਂ ਵੱਡਾ ਅਹੁਦਾ ਹੈ। ਇਹ ਵਿਦੇਸ਼ ਸੇਵਾ ਦਾ ਸਭ ਤੋਂ ਉੱਚਾ ਅਹੁਦਾ ਹੈ। ਅਮਰੀਕਾ ਦੀ ਸੈਨੇਟ ਵੱਲੋਂ ਹੇਲ ਦੇ ਨਾਮ ਦੀ ਪੁਸ਼ਟੀ ਹੋਣ 'ਤੇ ਉਹ ਥਾਮਸ-ਏ-ਸ਼ੈਨਨ ਦੀ ਜਗ੍ਹਾ ਲੈਣਗੇ, ਜੋ 4 ਜੂਨ ਨੂੰ ਰਿਟਾਇਰ ਹੋ ਚੁੱਕੇ ਹਨ।
ਹੇਲ ਸਾਲ 2015 ਤੋਂ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਹਨ। ਉਹ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਸਧਾਰਨ ਬਨਾਉਣ ਦੀ ਵਕਾਲਤ ਕਰਦੇ ਰਹੇ ਹਨ। ਇਸ ਤੋਂ ਪਹਿਲਾਂ ਸਾਲ 2013 ਤੋਂ ਸਾਲ 2015 ਤੱਕ ਉਹ ਲੇਬਨਾਨ ਵਿਚ ਅਮਰੀਕਾ ਦੇ ਰਾਜਦੂਤ ਸਨ ਅਤੇ ਉਸ ਤੋਂ ਪਹਿਲਾਂ ਸਾਲ 2005 ਤੋਂ ਸਾਲ 2008 ਤੱਕ ਜੌਰਡਨ ਵਿਚ ਅਮਰੀਕੀ ਰਾਜਦੂਤ ਸਨ। ਅਮਰੀਕਾ ਵਿਚ ਸਾਲ 2009 ਤੋਂ ਸਾਲ 2013 ਤੱਕ ਉਨ੍ਹਾਂ ਨੇ ਪੱਛਮੀ ਏਸ਼ੀਆ ਦੀ ਸ਼ਾਂਤੀ ਲਈ ਵਿਸ਼ੇਸ਼ ਦੂਤ ਅਤੇ ਡਿਪਟੀ ਵਿਸ਼ੇਸ਼ ਦੂਤ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ ਹਨ। ਹੇਲ ਨੂੰ ਜੌਰਜਟਾਊਨ ਯੂਨੀਵਰਸਿਟੀ ਦੇ ਸਕੂਲ ਆਫ ਫੌਰਨ ਸਰਵਿਸ ਤੋਂ ਵਿਦੇਸ਼ ਸੇਵਾ ਵਿਚ ਗ੍ਰੈਜੁਏਟ ਦੀ ਡਿਗਰੀ ਹਾਸਲ ਹੈ।
ਜਾਪਾਨ : ਹੜ੍ਹ ਕਾਰਨ ਪ੍ਰਭਾਵਿਤ ਖੇਤਰਾਂ 'ਚ ਫਸੇ ਲੋਕਾਂ ਨੂੰ ਮਿਲਣਗੇ ਪੀ. ਐੱਮ. ਆਬੇ
NEXT STORY