ਨਵੀਂ ਦਿੱਲੀ : ਗਲੋਬਲ ਬਾਜ਼ਾਰਾਂ ਵਿੱਚ ਆਈ ਮੰਦੀ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਭਾਰੀ ਗਿਰਾਵਟ ਦਾ ਸ਼ਿਕਾਰ ਹੋ ਗਿਆ। ਖਾਸ ਕਰਕੇ ਅਮਰੀਕੀ ਟੈੱਕ ਕੰਪਨੀਆਂ ਦੇ ਸ਼ੇਅਰਾਂ ਵਾਲੇ ਨੈਸਡੈਕ 100 ਵਿੱਚ 1 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਏਸ਼ੀਆਈ ਬਾਜ਼ਾਰਾਂ ਵਿੱਚ ਵੀ ਜਪਾਨ ਦੇ ਨਿੱਕੇਈ ਅਤੇ ਦੱਖਣੀ ਕੋਰੀਆ ਦੇ ਕੋਸਪੀ ਵਿੱਚ 1 ਫੀਸਦੀ ਤੋਂ ਵੱਧ ਦੀ ਮੰਦੀ ਦੇਖੀ ਗਈ। ਸੋਮਵਾਰ ਨੂੰ ਗਣੇਸ਼ ਚਤੁਰਥੀ ਦੇ ਤਿਉਹਾਰ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਬੰਦ ਰਹੇ, ਪਰ ਮੰਗਲਵਾਰ ਨੂੰ ਬਾਜ਼ਾਰ ਖੁੱਲ੍ਹਦਿਆਂ ਹੀ ਇਸ ਗਲੋਬਲ ਗਿਰਾਵਟ ਦਾ ਸਿੱਧਾ ਅਸਰ ਭਾਰਤੀ ਬਾਜ਼ਾਰ 'ਤੇ ਪੈਣ ਦੀ ਪੂਰੀ ਸੰਭਾਵਨਾ ਹੈ।
ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇ 3 ਮੁੱਖ ਕਾਰਨ:
1. AI ਸਟਾਕਾਂ ਵਿੱਚ ਮੰਦੀ ਅਤੇ ਵੇਚਵਾਲੀ: ਐਂਥ੍ਰੋਪਿਕ ਦੇ ਸੀ.ਈ.ਓ. ਡਾਰੀਓ ਅਮੋਦੇਈ, ਸੈਮ ਆਲਟਮੈਨ ਅਤੇ ਐਲਨ ਮਸਕ ਵਰਗੇ ਟੈੱਕ ਜਗਤ ਦੇ ਦਿੱਗਜਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਅਨਿਯੰਤਰਿਤ ਵਿਕਾਸ ਨੂੰ ਹੌਲੀ ਕਰਨ ਦੀਆਂ ਅਪੀਲਾਂ ਕਾਰਨ ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਇਸ ਕਾਰਨ ਸੈਮਸੰਗ, ਐਨਵਿਡੀਆ, ਸੋਫਟਬੈਂਕ ਅਤੇ ਸੈਮੀਕੰਡਕਟਰ ਕੰਪਨੀਆਂ ਦੇ ਸ਼ੇਅਰਾਂ ਵਿੱਚ 4% ਤੋਂ 10% ਤੱਕ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।
2. ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ: ਮੱਧ ਪੂਰਬ ਵਿੱਚ ਤਣਾਅ, ਅਮਰੀਕਾ-ਈਰਾਨ ਦੇ ਵੱਧਦੇ ਤਣਾਅ ਅਤੇ ਸਾਊਦੀ ਅਰਬ ਦੀ ਤੇਲ ਪਾਈਪਲਾਈਨ 'ਤੇ ਹੋਏ ਹਮਲਿਆਂ ਕਾਰਨ ਬ੍ਰੈਂਟ ਕਰੂਡ 107 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਿਆ ਹੈ।
3. ਅਮਰੀਕਾ 'ਚ ਵਿਆਜ ਦਰਾਂ ਵਧਣ ਦਾ ਡਰ: ਇਸੇ ਹਫ਼ਤੇ ਅਮਰੀਕੀ ਕੇਂਦਰੀ ਬੈਂਕ ਦੀ ਬੈਠਕ ਹੋਣੀ ਹੈ ਅਤੇ ਮਹਿੰਗਾਈ ਵਧਣ ਦੇ ਡਰ ਕਾਰਨ ਵਿਆਜ ਦਰਾਂ ਉੱਚੀਆਂ ਰਹਿਣ ਦੀ ਆਸ਼ੰਕਾ ਨਾਲ ਨਿਵੇਸ਼ਕ ਚਿੰਤਤ ਹਨ।
ਭਾਰਤੀ ਸ਼ੇਅਰ ਬਾਜ਼ਾਰ 'ਤੇ ਕੀ ਪਵੇਗਾ ਅਸਰ?
ਭਾਰਤੀ ਸ਼ੇਅਰ ਬਾਜ਼ਾਰ ਪਹਿਲਾਂ ਹੀ ਲਗਾਤਾਰ 5 ਹਫ਼ਤਿਆਂ ਤੋਂ ਦਬਾਅ ਹੇਠ ਹੈ, ਜਿੱਥੇ ਨਿਫ਼ਟੀ 23,400 ਅਤੇ ਸੈਂਸੈਕਸ 74,780 ਦੇ ਪੱਧਰ 'ਤੇ ਆ ਚੁੱਕੇ ਹਨ। ਟੈੱਕ ਸ਼ੇਅਰਾਂ 'ਚ ਮੰਦੀ ਕਾਰਨ ਟੀ.ਸੀ.ਐੱਸ. (TCS), ਇਨਫੋਸਿਸ (Infosys) ਅਤੇ ਵਿਪਰੋ (Wipro) ਵਰਗੀਆਂ ਭਾਰਤੀ ਆਈ.ਟੀ. ਕੰਪਨੀਆਂ 'ਤੇ ਅਸਰ ਪਵੇਗਾ। ਭਾਰਤ ਆਪਣੀ ਲੋੜ ਦਾ 80% ਤੋਂ ਵੱਧ ਕੱਚਾ ਤੇਲ ਆਯਾਤ ਕਰਦਾ ਹੈ, ਇਸ ਲਈ ਕੱਚਾ ਤੇਲ 107 ਡਾਲਰ ਪਹੁੰਚਣ ਨਾਲ ਮਹਿੰਗਾਈ ਵਧੇਗੀ, ਜਿਸ ਦਾ ਅਸਰ ਆਟੋ, ਪੇਂਟ ਅਤੇ ਕੰਜ਼ਿਊਮਰ ਸਟਾਕਾਂ 'ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ, ਗਲੋਬਲ ਅਸਥਿਰਤਾ ਕਾਰਨ ਵਿਦੇਸ਼ੀ ਨਿਵੇਸ਼ਕ (FIIs) ਭਾਰਤ ਵਰਗੇ ਬਾਜ਼ਾਰਾਂ ਵਿੱਚੋਂ ਪੈਸਾ ਕੱਢ ਕੇ ਡਾਲਰ ਜਾਂ ਸੋਨੇ ਵਰਗੀਆਂ ਸੁਰੱਖਿਅਤ ਸੰਪਤੀਆਂ ਵਿੱਚ ਲਗਾ ਸਕਦੇ ਹਨ।
ਇਟਲੀ ਤੋਂ ਪ੍ਰਮੁੱਖ ਸਿੱਖ ਆਗੂ ਬਲਬੀਰ ਸਿੰਘ ਲੱਲ ਦਾ ਦਿਹਾਂਤ, ਰੋਮ ਦੇ ਹਸਪਤਾਲ 'ਚ ਸਨ ਜੇਰੇ ਇਲਾਜ
NEXT STORY