ਇੰਟਰਨੈਸ਼ਨਲ ਡੈਸਕ- 1960 ਦੇ ਦਹਾਕੇ ਵਿੱਚ ਦੱਖਣੀ ਕੋਰੀਆ ਅਤੇ ਮਲੇਸ਼ੀਆ ਦੇ ਬਰਾਬਰ ਆਰਥਿਕ ਸਥਿਤੀ ਵਿੱਚ ਹੋਣ ਦੇ ਬਾਵਜੂਦ ਅੱਜ ਪਾਕਿਸਤਾਨ ਇੱਕ ਡੂੰਘੇ ਆਰਥਿਕ ਸੰਕਟ ਅਤੇ ਆਰਥਿਕ ਖੜੋਤ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ਵ ਬੈਂਕ ਦੇ ਇਤਿਹਾਸਕ ਅੰਕੜਿਆਂ ਦੇ ਹਵਾਲੇ ਨਾਲ ਸਾਹਮਣੇ ਆਈ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਦੀਆਂ ਗਲਤ ਨੀਤੀਆਂ, ਨਿਵੇਸ਼ ਦੀ ਘਾਟ ਅਤੇ ਨਿਰਯਾਤ ਵਿੱਚ ਪੱਛੜਨ ਕਾਰਨ ਬੰਗਲਾਦੇਸ਼ ਵੀ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਪਾਕਿਸਤਾਨ ਤੋਂ ਅੱਗੇ ਨਿਕਲ ਗਿਆ ਹੈ।
1960 ਵਿੱਚ ਪਾਕਿਸਤਾਨ ਦੀ ਅਰਥਵਿਵਸਥਾ ਮਤਲਬ ਜੀ.ਡੀ.ਪੀ. ਦਾ ਆਕਾਰ ਲਗਭਗ 3.75 ਅਰਬ ਡਾਲਰ ਸੀ, ਜੋ ਦੱਖਣੀ ਕੋਰੀਆ ਦੇ 3.97 ਅਰਬ ਡਾਲਰ ਦੇ ਬਰਾਬਰ ਅਤੇ ਮਲੇਸ਼ੀਆ 1.92 ਅਰਬ ਡਾਲਰ ਨਾਲੋਂ ਲਗਭਗ ਦੁਗਣਾ ਸੀ। ਪਰ 2024 ਤੱਕ ਦੱਖਣੀ ਕੋਰੀਆ ਦੀ ਅਰਥਵਿਵਸਥਾ 1.88 ਟ੍ਰਿਲੀਅਨ ਡਾਲਰ (ਖਰਬ) ਅਤੇ ਮਲੇਸ਼ੀਆ ਦੀ 422 ਅਰਬ ਡਾਲਰ ਤੱਕ ਪਹੁੰਚ ਗਈ, ਜਦੋਂ ਕਿ ਪਾਕਿਸਤਾਨ ਦੀ ਅਰਥਵਿਵਸਥਾ ਮਹਿਜ਼ 372 ਅਰਬ ਡਾਲਰ 'ਤੇ ਹੀ ਰਹਿ ਗਈ।
ਸਥਿਰ ਕੀਮਤਾਂ ਦੇ ਆਧਾਰ 'ਤੇ 1960 ਤੋਂ 2024 ਦਰਮਿਆਨ ਪਾਕਿਸਤਾਨ ਦੀ ਪ੍ਰਤੀ ਵਿਅਕਤੀ ਅਸਲ ਜੀ.ਡੀ.ਪੀ. 414 ਡਾਲਰ ਤੋਂ ਵਧ ਕੇ 1,635 ਡਾਲਰ ਹੀ ਹੋ ਸਕੀ ਜੋ ਕਿ ਲਗਭਗ 4 ਗੁਣਾ ਵਾਧਾ ਸੀ। ਇਸ ਦੇ ਮੁਕਾਬਲੇ ਮਲੇਸ਼ੀਆ ਦੀ ਪ੍ਰਤੀ ਵਿਅਕਤੀ ਜੀ.ਡੀ.ਪੀ. 1,266 ਡਾਲਰ ਤੋਂ ਵਧ ਕੇ 11,884 ਡਾਲਰ (9 ਗੁਣਾ ਤੋਂ ਵੱਧ) ਅਤੇ ਦੱਖਣੀ ਕੋਰੀਆ ਦੀ 1,038 ਡਾਲਰ ਤੋਂ ਵਧ ਕੇ 37,048 ਡਾਲਰ (ਲਗਭਗ 36 ਗੁਣਾ) ਹੋ ਗਈ। 1971 ਦੀ ਤਬਾਹੀ ਅਤੇ ਸਿਆਸੀ ਹਲਚਲ ਤੋਂ ਬਾਅਦ ਵੀ ਬੰਗਲਾਦੇਸ਼ 2024 ਵਿੱਚ 1,941 ਡਾਲਰ ਦੀ ਪ੍ਰਤੀ ਵਿਅਕਤੀ ਅਸਲ ਜੀ.ਡੀ.ਪੀ. ਨਾਲ ਪਾਕਿਸਤਾਨ ਨੂੰ ਪਿੱਛੇ ਛੱਡ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਲੰਡਨ 'ਚ ਥੇਮਸ ਨਦੀ ਦੇ ਕੰਢੇ ਪਹਿਲੀ ਵਾਰ 'ਗੰਗਾ ਆਰਤੀ' ਦਾ ਆਯੋਜਨ
ਨਿਰਯਾਤ ਅਤੇ ਨਿਵੇਸ਼ 'ਚ ਭਾਰੀ ਗਿਰਾਵਟ
ਨਿਰਯਾਤ : 1970 ਵਿੱਚ ਪਾਕਿਸਤਾਨ ਦਾ ਨਿਰਯਾਤ ਜੀ.ਡੀ.ਪੀ. ਦਾ 7.6 ਫ਼ੀਸਦੀ ਸੀ ਅਤੇ ਦੱਖਣੀ ਕੋਰੀਆ ਦਾ 11.3 ਫ਼ੀਸਦੀ ਸੀ। 2024 ਤੱਕ ਪਾਕਿਸਤਾਨ ਦਾ ਨਿਰਯਾਤ ਵਧ ਕੇ ਮਹਿਜ਼ 10.4 ਫ਼ੀਸਦੀ ਹੀ ਹੋਇਆ, ਜਦੋਂ ਕਿ ਦੱਖਣੀ ਕੋਰੀਆ ਦਾ 44.4 ਫ਼ੀਸਦੀ ਅਤੇ ਮਲੇਸ਼ੀਆ ਦਾ 71.3 ਫ਼ੀਸਦੀ ਤੱਕ ਪਹੁੰਚ ਗਿਆ।
ਨਿਵੇਸ਼: 1960 ਵਿੱਚ ਪਾਕਿਸਤਾਨ ਦੀ ਕੁੱਲ ਪੂੰਜੀ ਰਚਨਾ ਜੀ.ਡੀ.ਪੀ. ਦਾ 13.5 ਫ਼ੀਸਦੀ ਸੀ, ਜੋ 2024 ਵਿੱਚ ਘਟ ਕੇ 13.2 ਫ਼ੀਸਦੀ 'ਤੇ ਆ ਗਈ। ਦੂਜੇ ਪਾਸੇ 2024 ਵਿੱਚ ਦੱਖਣੀ ਕੋਰੀਆ ਨੇ ਲਗਭਗ 30 ਫ਼ੀਸਦੀ, ਬੰਗਲਾਦੇਸ਼ ਨੇ 31 ਫ਼ੀਸਦੀ ਅਤੇ ਮਲੇਸ਼ੀਆ ਨੇ 22 ਫ਼ੀਸਦੀ ਨਿਵੇਸ਼ ਕੀਤਾ।
ਰਿਪੋਰਟ ਅਨੁਸਾਰ ਪਾਕਿਸਤਾਨ ਦੀ ਅਸਫਲਤਾ ਦੇ ਮੁੱਖ ਕਾਰਨ ਟੈਕਸ ਚੋਰੀ, ਸਿਆਸੀ ਰਸੂਖ ਵਾਲੀਆਂ ਕੰਪਨੀਆਂ ਨੂੰ ਬਿਨਾਂ ਸ਼ਰਤ ਮਿਲੀ ਸੁਰੱਖਿਆ, ਨੌਕਰਸ਼ਾਹੀ ਦੀ ਦੇਰੀ, ਊਰਜਾ ਖੇਤਰ ਦਾ ਚੱਕਰੀ ਕਰਜ਼ਾ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਵਰਗੀਆਂ ਵਿਦੇਸ਼ੀ ਮਦਦਾਂ 'ਤੇ ਨਿਰਭਰਤਾ ਹਨ। ਪਿਛਲੇ ਦੋ ਦਹਾਕਿਆਂ ਵਿੱਚ ਪਾਕਿਸਤਾਨ ਦੀ ਪ੍ਰਤੀ ਵਿਅਕਤੀ ਅਸਲ ਪੈਦਾਵਾਰ ਵਿੱਚ ਸਾਲਾਨਾ ਮਹਿਜ਼ 2.2 ਫ਼ੀਸਦੀ ਦਾ ਹੀ ਵਾਧਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਫੌਜੀ ਕਾਰਵਾਈ ਨਾਲ ਚੀਨ ਦੀਆਂ 'ਟੀਪੌਟ' ਤੇਲ ਰਿਫਾਇਨਰੀਆਂ 'ਤੇ ਮੰਡਰਾਇਆ ਸੰਕਟ
NEXT STORY