ਗੋਨਿਆਣਾ ਮੰਡੀ (ਗੋਰਾ ਲਾਲ) — ਗੋਨਿਆਣਾ ਮੰਡੀ ਦੀ ਵੱਡੀ ਨਵੀਂ ਅਨਾਜ ਮੰਡੀ ਅੱਜ ਉਸ ਸਮੇਂ ਚਰਚਾ ਦਾ ਕੇਂਦਰ ਬਣ ਗਈ ਜਦੋਂ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਤਕਰੀਬਨ 300 ਝੋਨੇ ਦੇ ਸ਼ੱਕੀ ਗੱਟਿਆਂ ਨੂੰ ਸੀਲ ਕਰ ਦਿੱਤਾ। ਇਹ ਸਾਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਮੰਡੀ ਵਿੱਚ ਪਏ ਇਹ ਗੱਟੇ ਕਿਸੇ ਵੀ ਆੜਤੀ ਜਾਂ ਖ਼ਰੀਦਦਾਰ ਵੱਲੋਂ ਆਪਣੇ ਨਾ ਦੱਸੇ ਗਏ। ਮਾਰਕੀਟ ਕਮੇਟੀ ਦੇ ਸੈਕਟਰੀ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਗੱਟੇ ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ਦੇ ਝੋਨੇ ਦੇ ਹੋ ਸਕਦੇ ਹਨ, ਜਿਸ ਨਾਲ ਸੂਬੇ ਦੀ ਸਰਕਾਰ ਅਤੇ ਸਥਾਨਕ ਸੈਲਰ ਮਾਲਕਾਂ ਨੂੰ ਆਰਥਿਕ ਨੁਕਸਾਨ ਪਹੁੰਚਣ ਦਾ ਖਤਰਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਭਿੜੀਆਂ ਦੋ ਧਿਰਾਂ, ਚੱਲੇ ਘਸੁੱਨ-ਮੁੱਕੇ ਤੇ ਬਜ਼ੁਰਗ ਦੀ ਲਾਹੀ ਪੱਗ
ਸੂਤਰਾਂ ਮੁਤਾਬਕ ਮੰਡੀ ਵਿੱਚ ਇਹ ਝੋਨੇ ਦੇ ਗੱਟੇ ਪਏ ਸਨ ਅਤੇ ਕਿਸੇ ਵੱਲੋਂ ਵੀ ਉਨ੍ਹਾਂ ਉੱਤੇ ਆਪਣਾ ਹੱਕ ਨਹੀਂ ਜਤਾਇਆ ਗਿਆ ਸੀ। ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਜਦੋਂ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਕਿਸੇ ਆੜਤੀ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਗੱਟੇ ਉਸਦੇ ਹਨ। ਇਸ ਤੋਂ ਬਾਅਦ ਕਮੇਟੀ ਨੇ ਸਾਵਧਾਨੀ ਵਜੋਂ ਸਾਰੇ ਸ਼ੱਕੀ ਗੱਟੇ ਸੀਲ ਕਰ ਦਿੱਤੇ ਅਤੇ ਮੰਡੀ ਦੇ ਚੌਕੀਦਾਰ ਨੂੰ ਵਿਸ਼ੇਸ਼ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਰਾਤ ਦੌਰਾਨ ਇਨ੍ਹਾਂ ਨਾਲ ਛੇੜਛਾੜ ਨਾ ਕਰ ਸਕੇ। ਸੈਕਟਰੀ ਬਲਕੌਰ ਸਿੰਘ ਨੇ ਹੋਰ ਦੱਸਿਆ ਕਿ ਕੱਲ੍ਹ ਸਵੇਰੇ ਫੂਡ ਡਿਪਾਰਟਮੈਂਟ ਦੀ ਟੀਮ ਨੂੰ ਬੁਲਾਇਆ ਜਾਵੇਗਾ, ਜੋ ਇਨ੍ਹਾਂ ਗੱਟਿਆਂ ਦੀ ਤਫ਼ਤੀਸ਼ ਕਰੇਗੀ ਅਤੇ ਸੈਂਪਲ ਲੈ ਕੇ ਜਾਂਚ ਕਰੇਗੀ ਕਿ ਕੀ ਇਹ ਗੱਟੇ ਸੱਚਮੁੱਚ ਪੰਜਾਬ ਦੇ ਕਿਸਾਨਾਂ ਦੇ ਹਨ ਜਾਂ ਕਿਸੇ ਹੋਰ ਸੂਬੇ ਤੋਂ ਤਸਕਰੀ ਕਰਕੇ ਲਿਆਂਦੇ ਗਏ ਹਨ। ਜੇ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਕਿ ਇਹ ਗੱਟੇ ਕਿਸੇ ਹੋਰ ਸੂਬੇ ਦੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਭਿਆਨਕ ਹਾਦਸਾ! ਪਰਿਵਾਰ ਦੀਆਂ ਅੱਖਾਂ ਸਾਹਮਣੇ ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਕੁਝ ਵਿਅਕਤੀ ਆਪਣੇ ਲਾਭ ਅਤੇ ਲਾਲਚ ਦੇ ਚਲਦੇ ਹੋਏ ਬਾਹਰਲੀਆਂ ਸਟੇਟਾਂ ਜਿਵੇਂ ਹਰਿਆਣਾ, ਰਾਜਸਥਾਨ ,ਯੂਪੀ ਜਾਂ ਬਿਹਾਰ ਤੋਂ ਮਾਲ ਲਿਆ ਕੇ ਗੋਨਿਆਣਾ ਮੰਡੀ ਦੇ ਸੈਂਟਰਾਂ ‘ਚ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਨਾ ਸਿਰਫ਼ ਪੰਜਾਬ ਸਰਕਾਰ ਨੂੰ ਵੱਡਾ ਨੁਕਸਾਨ ਹੁੰਦਾ ਹੈ, ਸਗੋਂ ਸਥਾਨਕ ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀ ਮਿਹਨਤ ਵੀ ਬੇਕਾਰ ਜਾਂਦੀ ਹੈ। ਇਹ ਪ੍ਰਕਿਰਿਆ ਨਾਂ ਕਾਨੂੰਨੀ ਤੌਰ ‘ਤੇ ਠੀਕ ਹੈ ਤੇ ਨਾਂ ਹੀ ਨੈਤਿਕ ਰੂਪ ਵਿੱਚ ਜਾਇਜ਼। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਆਉਣ ਵਾਲੇ ਮਾਲ ਦੀ ਵਿਕਰੀ ਬਰਦਾਸ਼ਤ ਨਹੀਂ ਕਰੇਗੀ। ਹਰ ਗੱਟੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਜਾਂ ਆੜਤੀਆ ਇਸ ਘਪਲੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਾਂ ਸਿਰਫ਼ ਕਾਨੂੰਨੀ ਕਾਰਵਾਈ ਹੋਵੇਗੀ ਬਲਕਿ ਮੰਡੀ ਦੇ ਅੰਦਰ ਉਸ ਦੀ ਐਂਟਰੀ ਵੀ ਰੋਕੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਾਵਰਕਾਮ ਨੇ ਖਿੱਚੀ ਵੱਡੀ ਤਿਆਰੀ ! ਇਨ੍ਹਾਂ ਖ਼ਪਤਕਾਰਾਂ ਨੂੰ ਠੋਕਿਆ ਲੱਖਾਂ ਦਾ ਜੁਰਮਾਨਾ
ਇਸ ਘਟਨਾ ਤੋਂ ਬਾਅਦ ਮੰਡੀ ਵਿੱਚ ਤਣਾਅ ਅਤੇ ਚਰਚਾ ਦਾ ਮਾਹੌਲ ਹੈ। ਕੁਝ ਆੜਤੀਆਂ ਨੇ ਆਪਣੀ ਪਛਾਣ ਨਾ ਦਿੰਦਿਆਂ ਕਿਹਾ ਕਿ “ਅਜਿਹੇ ਗੱਟਿਆਂ ਕਾਰਨ ਸਾਡੇ ਵਰਗੇ ਇਮਾਨਦਾਰ ਵਪਾਰੀਆਂ ਦੀ ਸ਼ੋਹਰਤ ‘ਤੇ ਸਵਾਲ ਖੜੇ ਹੁੰਦੇ ਹਨ। ਜੇਕਰ ਕੋਈ ਬਾਹਰਲੇ ਸੂਬੇ ਤੋਂ ਸਸਤਾ ਮਾਲ ਲਿਆ ਕੇ ਇੱਥੇ ਵੇਚੇਗਾ ਤਾਂ ਸਾਨੂੰ ਨੁਕਸਾਨ ਹੋਵੇਗਾ, ਜੋ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ।” ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਹੋਰ ਸਖ਼ਤੀ ਨਾਲ ਨਿਗਰਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਅਕਸਰ ਅਨਾਜ ਮੰਡੀਆਂ ਵਿੱਚ ਹੋਰ ਸੂਬਿਆਂ ਦਾ ਮਾਲ ਪਹੁੰਚ ਜਾਂਦਾ ਹੈ ਜੋ ਪੰਜਾਬੀ ਕਿਸਾਨਾਂ ਦੇ ਹਿੱਤਾਂ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ। ਗੋਨਿਆਣਾ ਮੰਡੀ ਵਿੱਚ ਹੋਈ ਇਹ ਕਾਰਵਾਈ ਇੱਕ ਸਖ਼ਤ ਸੰਦੇਸ਼ ਦੇ ਤੌਰ ‘ਤੇ ਦੇਖੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਵਪਾਰ ਜਾਂ ਮਾਲ ਦੀ ਤਸਕਰੀ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਵੇਰੇ ਫੂਡ ਡਿਪਾਰਟਮੈਂਟ ਦੀ ਜਾਂਚ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ ਕਿ ਇਹ 300 ਗੱਟੇ ਸੱਚਮੁੱਚ ਕਿਸਾਨਾਂ ਦੀ ਮਿਹਨਤ ਦਾ ਹਿੱਸਾ ਹਨ ਜਾਂ ਕਿਸੇ ਵੱਡੇ ਘਪਲੇ ਦਾ ਹਿੱਸਾ ਹਨ।
ਇਹ ਵੀ ਪੜ੍ਹੋ: ਮੰਤਰੀ ਹਰਜੋਤ ਬੈਂਸ ਨੇ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ, ਸ੍ਰੀ ਅਨੰਦਪੁਰ ਸਾਹਿਬ ਲਈ ਕੀਤੀ ਇਹ ਮੰਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ
NEXT STORY