ਝਬਾਲ,(ਨਰਿੰਦਰ)— ਸਥਾਨਕ ਅੱਡਾ ਝਬਾਲ ਵਿਖੇ ਸਥਿਤੀ ਉਸ ਵੇਲੇ ਕਾਫੀ ਤਣਾਅ ਪੂਰਵਕ ਬਣ ਗਈ ਜਦੋਂ ਅਕਾਲੀ ਦਲ ਹਾਈ ਕਮਾਂਡ ਦੇ ਹੁਕਮਾਂ 'ਤੇ ਤਰਨਤਾਰਨ ਵਿਖੇ ਧਰਨੇ 'ਤੇ ਜਾ ਰਹੇ ਅਕਾਲੀ ਵਰਕਰਾਂ ਦੀਆਂ ਗੱਡੀਆਂ ਰੋਕ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਨਾਅਰੇਬਾਜ਼ੀ ਕੀਤੀ। ਬਾਬਾ ਬੁੱਢਾ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਪੰਜਵੜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਦੇ ਪ੍ਰਧਾਨ ਭਾਈ ਸ. ਸਿੰਘ ਰਾਮਰੌਣੀ ਦੀ ਅਗਵਾਈ 'ਚ ਬਾਦਲ ਪਰਿਵਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਗੱਡੀਆਂ 'ਚ ਬੈਠੇ ਅਕਾਲੀ ਵਰਕਰ ਵੀ ਗੱਡੀਆਂ 'ਚੋਂ ਬਾਹਰ ਨਿਕਲ ਆਏ। ਇਕ ਦੂਸਰੇ ਨਾਲ ਖਹਿਬੜਨ ਲੱਗੇ ਅਤੇ ਨੌਬਤ ਹੱਥੋ ਪਾਈ ਤੱਕ ਪਹੁੰਚ ਗਈ।ਮੌਕੇ 'ਤੇ ਖੜ੍ਹੇ ਡੀ.ਐੱਸ.ਪੀ. ਸੁੱਚਾ ਸਿੰਘ ,ਝਬਾਲ ਥਾਣਾ ਮੁਖੀ ਗੁਰਚਰਨ ਸਿੰਘ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਤਰਸੇਮ ਮਸੀਹ ਨੇ ਬੜੀ ਮੁਸ਼ਕਲ ਨਾਲ ਮਾਹੌਲ ਕੰਟਰੋਲ ਕੀਤਾ।ਇਸ ਸਮੇਂ ਸਤਿਕਾਰ ਕਮੇਟੀ ਦੇ ਸਿੱਖ ਤਰਨਤਾਰਨ ਜਾਣ ਲਈ ਬਜ਼ਿੱਦ ਸਨ ਜਦੋਂਕਿ ਪੁਲਸ ਨੂੰ ਉਨ੍ਹਾਂ ਹਰ ਹਾਲਤ 'ਚ ਰੋਕ ਰਹੀ ਸੀ ਤਾਂ ਕਿ ਤਰਨਤਾਰਨ ਵਿਖੇ ਅਕਾਲੀ ਵਰਕਰਾਂ ਤੇ ਸਿੱਖ ਜਥੇਬੰਦੀਆਂ ਵਿਚਕਾਰ ਤਕਰਾਰ ਨਾ ਹੋ ਸਕੇ।
ਸਥਿਤੀ ਉਸ ਵੇਲੇ ਹੋਰ ਨਾਜ਼ੁਕ ਹੋ ਗਈ ਜਦੋਂ ਪੁਲਸ ਦੀਆਂ ਰੋਕਾਂ ਤੋੜ ਕੇ ਸਿੰਘ ਤਰਨਤਾਰਨ ਨੂੰ ਗੱਡੀਆਂ ਰਾਹੀਂ ਨਿਕਲ ਗਏ।ਜਿਸ ਤੇ ਪੁਲਸ ਨੇ ਡੀ.ਐੱਸ.ਪੀ. ਸੁੱਚਾ ਸਿਘ ਦੀ ਅਗਵਾਈ 'ਚ ਸਮਝਦਾਰੀ ਤੋਂ ਕੰਮ ਲੈਂਦਿਆਂ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੂੰ ਮੋੜ ਬਾਬਾ ਸਿਧਾਣਾ ਵਿਖੇ ਗੱਡੀਆਂ ਅੱਗੇ ਲਗਾ ਕੇ ਰੋਕ ਲਿਆ।ਸਾਰੀਆਂ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਜੀ.ਟੀ. ਰੋਡ 'ਤੇ ਹੀ ਧਰਨਾ ਲਗਾ ਦਿੱਤਾ ਅਤੇ ਬਾਦਲ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਅਖੀਰ ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ 'ਤੇ ਸਿੱਖ ਜਥੇਬੰਦੀਆਂ ਨੇ ਧਰਨਾ ਚੁੱਕਿਆ ਤੇ ਪੁਲਸ ਨੂੰ ਸੁਖ ਦਾ ਸਾਹ ਆਇਆ।ਇਸ ਸਮੇਂ ਵਿਰਸਾ ਸਿੰਘ ਠੱਠਾ,ਪ੍ਰਗਟ ਸਿੰਘ ਪੰਡੋਰੀ, ਤੇਜਿੰਦਰ ਸਿੰਘ ,ਤਰਸੇਮ ਸਿੰਘ,ਗੁਰਮੁੱਖ ਸਿੰਘ ਸਰਾ, ਸਤਨਾਮ ਸਿੰਘ ਸਰਾ ਆਦਿ ਹਾਜ਼ਰ ਸਨ।
ਸਤਿਕਾਰ ਕਮੇਟੀ ਤੇ ਆਮ ਆਦਮੀ ਪਾਰਟੀ ਨੇ ਫੂਕਿਆ ਬਾਦਲਾਂ ਦਾ ਪੁਤਲਾ
NEXT STORY