ਅੰਮ੍ਰਿਤਸਰ (ਦਲਜੀਤ)- ਪੰਜਾਬ ’ਚ ਨਕਲੀ ਪਨੀਰ ਦੀ ਤਿਆਰੀ ਅਤੇ ਵਿਕਰੀ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਜਾਰੀ ਸਖ਼ਤ ਐਡਵਾਈਜ਼ਰੀ ਤੋਂ ਬਾਅਦ ਅੰਮ੍ਰਿਤਸਰ ’ਚ ਵੀ ਕਾਰਵਾਈ ਤੇਜ਼ ਹੋ ਗਈ ਹੈ। ਇਸੇ ਤਹਿਤ ਮਜੀਠਾ ਰੋਡ ਇਲਾਕੇ ’ਚ ਫੂਡ ਸੇਫਟੀ ਟੀਮ ਨੇ ਦੋ ਦੁੱਧ ਡੇਅਰੀਆਂ ਦੀ ਜਾਂਚ ਕਰਦਿਆਂ ਇਕ ਡੇਅਰੀ ਤੋਂ ਕਰੀਬ 70 ਕਿਲੋ ਪਨੀਰ ਜ਼ਬਤ ਕੀਤਾ। ਇਸ ਦੇ ਨਾਲ ਹੀ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਪੈਂਦੀਆਂ ਡੇਅਰੀਆਂ ਤੋਂ ਪਨੀਰ ਦੇ 5 ਅਤੇ ਦੁੱਧ ਦੇ ਦੋ ਇਨਫੋਰਸਮੈਂਟ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬ, ਖਰੜ ਭੇਜਿਆ ਜਾਵੇਗਾ। ਇਹ ਕਾਰਵਾਈ ਸੀ. ਐੱਫ. ਡੀ. ਏ. ਮੈਡਮ ਆਈ. ਏ. ਐੱਸ. ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੇ ਹੁਕਮਾਂ ’ਤੇ ਕੀਤੀ ਗਈ। ਫੂਡ ਸੇਫਟੀ ਟੀਮ ਦੀ ਅਗਵਾਈ ਡਿਜ਼ਿਗਨੇਟਿਡ ਅਫਸਰ ਕਮ ਜ਼ਿਲਾ ਹਾ ਸਿਹਤ ਅਧਿਕਾਰੀ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰਟੋਲ ਨੇ ਕੀਤੀ, ਜਦਕਿ ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ ਅਤੇ ਫੂਡ ਸੇਫਟੀ ਅਧਿਕਾਰੀ ਸਿਮਰਨ ਸਿੰਘ ਗਿੱਲ ਵੀ ਟੀਮ ’ਚ ਸ਼ਾਮਲ ਸਨ।
ਇਹ ਵੀ ਪੜ੍ਹੋ- ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ
ਲੈਬ ਰਿਪੋਰਟ ਕਰੇਗੀ ‘ਦੁੱਧ’ ਦਾ ਫੈਸਲਾ : ਫੂਡ ਸੇਫਟੀ ਟੀਮ
ਅਧਿਕਾਰੀਆਂ ਅਨੁਸਾਰ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਨੀਰ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ’ਤੇ ਅੰਤਿਮ ਸਥਿਤੀ ਸਪੱਸ਼ਟ ਹੋਵੇਗੀ। ਜੇਕਰ ਸੈਂਪਲ ਫੇਲ ਪਾਏ ਜਾਂਦੇ ਹਨ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਫੂਡ ਸੇਫਟੀ ਐਕਟ ਤਹਿਤ ਪਨੀਰ ਨਿਰਮਾਤਾ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ. ਐੱਚ. ਓ. ਨੇ ਦੱਸਿਆ ਕਿ ਇਸ ਤੋਂ ਇਲਾਵਾ ਮਜੀਠਾ ਰੋਡ ’ਤੇ ਸਥਿਤ ਹੋਰ ਡੇਅਰੀਆਂ ਦੀ ਵੀ ਜਾਂਚ ਕੀਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਟਵਾਰੀਆਂ ਦੇ ਹੋਏ ਤਬਾਦਲੇ
ਨਕਲੀ ਪਨੀਰ ਖ਼ਿਲਾਫ਼ ਸਖ਼ਤ ਐਡਵਾਈਜ਼ਰੀ, ਹਰ ਪੱਧਰ ’ਤੇ ਨਿਗਰਾਨੀ : ਜ਼ਿਲਾ ਸਿਹਤ ਅਧਿਕਾਰੀ
ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਅਨੁਸਾਰ ਸਿਹਤ ਵਿਭਾਗ ਵੱਲੋਂ ਨਕਲੀ ਪਨੀਰ ਦੀ ਤਿਆਰੀ, ਭੰਡਾਰਨ, ਢੋਆ-ਢੁਆਈ, ਵੰਡ ਅਤੇ ਵਿਕਰੀ ’ਤੇ ਰੋਕ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲੇ ’ਚ ਪਨੀਰ ਦੀ ਗੁਣਵੱਤਾ ਨੂੰ ਲੈ ਕੇ ਜਾਂਚ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪਨੀਰ ਦੇ ਨਾਮ ’ਤੇ ਗੈਰ-ਮਿਆਰੀ ਜਾਂ ਗੈਰ-ਦੁੱਧੀ ਉਤਪਾਦ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਭਾਗ ਵੱਲੋਂ ਪਨੀਰ ਬਣਾਉਣ ਵਾਲੀਆਂ ਇਕਾਈਆਂ, ਡੇਅਰੀਆਂ, ਥੋਕ ਵਿਕਰੇਤਾਵਾਂ, ਵੰਡਕਾਰਾਂ, ਪ੍ਰਚੂਨ ਦੁਕਾਨਦਾਰਾਂ, ਕੋਲਡ ਸਟੋਰੇਜ ਅਤੇ ਗੋਦਾਮਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਨੀਰ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਜਿੱਥੇ ਵੀ ਨਿਯਮਾਂ ਦੀ ਉਲੰਘਣਾ ਮਿਲੇਗੀ, ਉਥੇ ਸੈਂਪਲ ਲੈ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਅਪਡੇਟ, ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ
ਹੋਟਲਾਂ ਅਤੇ ਰੈਸਟੋਰੈਂਟਾਂ ਦਾ ਪਨੀਰ ਵੀ ਵਿਭਾਗ ਦੀ ਰਡਾਰ ’ਤੇ
ਸਿਹਤ ਵਿਭਾਗ ਦੀ ਨਿਗਰਾਨੀ ਸਿਰਫ਼ ਡੇਅਰੀਆਂ ਤੱਕ ਸੀਮਤ ਨਹੀਂ ਰਹੇਗੀ। ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਖਾਣ-ਪੀਣ ਵਾਲੇ ਅਦਾਰਿਆਂ ਅਤੇ ਸੰਸਥਾਗਤ ਰਸੋਈਆਂ ’ਚ ਵਰਤੇ ਜਾ ਰਹੇ ਪਨੀਰ ਦੀ ਵੀ ਜਾਂਚ ਕੀਤੀ ਜਾਵੇਗੀ। ਅਧਿਕਾਰੀ ਇਹ ਵੀ ਜਾਂਚਣਗੇ ਕਿ ਸਬੰਧਤ ਅਦਾਰਾ ਪਨੀਰ ਕਿੱਥੋਂ ਖਰੀਦ ਰਿਹਾ ਹੈ ਅਤੇ ਉਸ ਦੀ ਖਰੀਦ ਨਾਲ ਸਬੰਧਤ ਰਿਕਾਰਡ ਮੌਜੂਦ ਹੈ ਜਾਂ ਨਹੀਂ। ਵਿਭਾਗ ਦਾ ਮੰਨਣਾ ਹੈ ਕਿ ਗੈਰ-ਮਿਆਰੀ ਪਨੀਰ ਦੀ ਵਿਕਰੀ ਰੋਕਣ ਲਈ ਸਿਰਫ਼ ਉਤਪਾਦਕਾਂ ਦੀ ਜਾਂਚ ਕਾਫ਼ੀ ਨਹੀਂ। ਇਸ ਲਈ ਪਨੀਰ ਦੀ ਪੂਰੀ ਸਪਲਾਈ ਲੜੀ ’ਤੇ ਨਜ਼ਰ ਰੱਖੀ ਜਾਵੇਗੀ।
ਲੋਕ ਵੀ ਰਹਿਣ ਸੁਚੇਤ, ਸ਼ੱਕੀ ਪਨੀਰ ਤੋਂ ਕਰਨ ਪ੍ਰਹੇਜ਼ : ਸਿਵਲ ਸਰਜਨ
ਸਿਵਲ ਸਰਜਨ ਡਾ. ਰਸ਼ਮੀ ਵਿਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਨੀਰ ਖਰੀਦਣ ਸਮੇਂ ਇਸ ਦੀ ਗੁਣਵੱਤਾ, ਪੈਕਿੰਗ ਅਤੇ ਸਰੋਤ ਬਾਰੇ ਪੂਰੀ ਜਾਣਕਾਰੀ ਲੈਣ। ਜੇਕਰ ਕਿਸੇ ਦੁਕਾਨ, ਹੋਟਲ, ਰੈਸਟੋਰੈਂਟ ਜਾਂ ਹੋਰ ਖੁਰਾਕੀ ਅਦਾਰੇ ’ਚ ਸ਼ੱਕੀ ਗੁਣਵੱਤਾ ਵਾਲਾ ਪਨੀਰ ਵਿਕਦਾ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਸਿਹਤ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਮਜੀਠਾ ਰੋਡ ’ਤੇ 70 ਕਿਲੋ ਪਨੀਰ ਦੀ ਜ਼ਬਤੀ ਅਤੇ ਸੈਂਪਲਿੰਗ ਨੂੰ ਇਸ ਮੁਹਿੰਮ ਦੀ ਅਹਿਮ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਸਾਰੀਆਂ ਨਜ਼ਰਾਂ ਸਟੇਟ ਫੂਡ ਲੈਬ, ਖਰਾਰ ਦੀ ਰਿਪੋਰਟ ’ਤੇ ਟਿਕੀਆਂ ਹਨ, ਜਿਸ ਤੋਂ ਬਾਅਦ ਪਨੀਰ ਨਿਰਮਾਤਾ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਦਾ ਰਾਹ ਤੈਅ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ
NEXT STORY