ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ)- ਏਸ਼ੀਆ ਵਿਚ ਪ੍ਰਸਿੱਧ ਪਿੱਤਲ ਅਤੇ ਤਾਂਬੇ ਦੇ ਹੱਥ ਨਾਲ ਤਿਆਰ ਕੀਤੇ ਬਰਤਨਾਂ ਦੀ ਮੰਡੀ ਜੰਡਿਆਲਾ ਗੁਰੂ ਦੀ ਮਾਰਕੀਟ ਵਿਚ ਇਨ੍ਹੀਂ ਦਿਨੀਂ ਸੁੰਨਸਾਨ ਛਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਤਾਂਬੇ ਅਤੇ ਪਿੱਤਲ ਦੀ ਸਕ੍ਰੈਪ ਦੇ ਰੇਟਾਂ ਵਿਚ ਆਈ ਭਾਰੀ ਗਿਰਾਵਟ ਕਾਰਨ ਸਕਰੈਪ ਅਤੇ ਬਰਤਨਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ, ਕਾਰੀਗਰਾਂ ਅਤੇ ਮਜ਼ਦੂਰਾਂ ਵਿਚ ਚਿੰਤਾ ਤੇ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਤਨ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੌਰਾਨ ਤਾਂਬੇ ਦੀ ਸਕਰੈਪ ਦੇ ਰੇਟ ਵਿਚ ਲੱਗਭਗ 170 ਰੁਪਏ ਪ੍ਰਤੀ ਕਿਲੋ ਅਤੇ ਪਿੱਤਲ ਦੀ ਸਕ੍ਰੈਪ ਦੇ ਰੇਟ ਵਿਚ ਲੱਗਭਗ 100 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆ ਚੁੱਕੀ ਹੈ। ਰੇਟਾਂ ਵਿਚ ਲਗਾਤਾਰ ਹੋ ਰਹੀ ਕਮੀ ਕਾਰਨ ਮੰਡੀ ਵਿਚ ਖਰੀਦੋ-ਫਰੋਖਤ ਦਾ ਕੰਮ ਲੱਗਭਗ ਠੱਪ ਹੋ ਕੇ ਰਹਿ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ: ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਵਰਿੰਦਰ ਸਿੰਘ ਮਲਹੌਤਰਾ ਤੋਂ ਇਲਾਵਾ ਵੱਖ-ਵੱਖ ਵਪਾਰੀਆਂ ਬ੍ਰਿਜ ਲਾਲ, ਰੀਸ਼ੂ, ਹੀਰਾ ਲਾਲ, ਕਰਨ, ਇੰਦਰਜੀਤ, ਰਘਬੀਰ ਸਿੰਘ, ਬਬਲੂ, ਪਰਮਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਰਾਕੇਸ਼, ਰਿੱਕੀ, ਰਾਜੂ, ਮਦਨ, ਸੁਭਾਸ਼ ਕੁਮਾਰ, ਆਸ਼ੂ, ਅਸ਼ਵਨੀ ਅਤੇ ਸਾਗਰ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਮਹਿੰਗੇ ਭਾਅ ’ਤੇ ਖਰੀਦਿਆ ਗਿਆ ਮਾਲ ਹੁਣ ਘੱਟ ਰੇਟਾਂ ’ਤੇ ਵੇਚਣਾ ਪੈ ਰਿਹਾ ਹੈ, ਜਿਸ ਕਾਰਨ ਵਪਾਰੀਆਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਰੇਟਾਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਅਤੇ ਗਿਰਾਵਟ ਕਾਰਨ ਵਪਾਰੀ ਮਾਲ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਬਾਜ਼ਾਰ ਵਿਚ ਰੇਟਾਂ ਦੇ ਮੁੜ ਵਧਣ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਇਸ ਮੰਦੀ ਦਾ ਸਭ ਤੋਂ ਵੱਧ ਪ੍ਰਭਾਵ ਮਜ਼ਦੂਰ ਵਰਗ ਅਤੇ ਢੋਆ-ਢੁਆਈ ਨਾਲ ਜੁੜੇ ਲੋਕਾਂ ’ਤੇ ਪੈ ਰਿਹਾ ਹੈ। ਜਿਹੜੇ ਲੋਕ ਪਹਿਲਾਂ ਵੱਖ-ਵੱਖ ਮੰਡੀਆਂ ਤੋਂ ਸਕ੍ਰੈਪ ਇਕੱਠੀ ਕਰ ਕੇ ਜੰਡਿਆਲਾ ਗੁਰੂ ਜਾਂ ਅੰਮ੍ਰਿਤਸਰ ਵਿਚ ਵੇਚਦੇ ਸਨ, ਉਨ੍ਹਾਂ ਦਾ ਕੰਮ ਵੀ ਬੰਦ ਹੋਣ ਕਾਰਨ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਹੱਥ ਨਾਲ ਪਿੱਤਲ ਅਤੇ ਤਾਂਬੇ ਦੇ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਵੀ ਮਾਲਕਾਂ ਵੱਲੋਂ ਕੰਮ ਲਈ ਮਾਲ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਆਮਦਨ ’ਤੇ ਸਿੱਧਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ-ਪੰਜਾਬ ਦੇ 333 ਅਧਿਕਾਰੀਆਂ 'ਤੇ ਡਿੱਗੀ ਗਾਜ, ਜਾਣੋ ਕੀ ਹੈ ਮਾਮਲਾ
ਵਪਾਰੀਆਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਦੀ ਇਹ ਮੰਡੀ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਦੇ ਕਾਰੋਬਾਰ ਲਈ ਦੇਸ਼-ਵਿਦੇਸ਼ ਵਿਚ ਜਾਣੀ ਜਾਂਦੀ ਹੈ, ਪਰ ਮੌਜੂਦਾ ਸਮੇਂ ’ਚ ਰੇਟਾਂ ਵਿਚ ਆਈ ਗਿਰਾਵਟ ਨੇ ਕਾਰੋਬਾਰ ਦੀ ਰਫ਼ਤਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੰਕਟ ਵਿਚੋਂ ਕਾਰੋਬਾਰੀਆਂ, ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੋਈ ਠੋਸ ਹੱਲ ਲੱਭਿਆ ਜਾਵੇ, ਤਾਂ ਜੋ ਮੰਡੀ ਵਿਚ ਮੁੜ ਕਾਰੋਬਾਰੀ ਸਰਗਰਮੀਆਂ ਸ਼ੁਰੂ ਹੋ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ 4 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ, 3 ਗ੍ਰਿਫ਼ਤਾਰ
NEXT STORY