ਤਰਨਤਾਰਨ, (ਰਾਜੂ)— ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 'ਤੇ ਜ਼ਿਲਾ ਕੋਰਟ ਕੰਪਲੈਕਸ ਦੇ ਸਾਹਮਣੇ ਸਕੂਲੀ ਬੱਸ ਅਤੇ ਟਰਾਲੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਨਿੱਜੀ ਬੱਸ ਨੂੰ ਰਸਤਾ ਦਿਵਾ ਰਹੇ ਇਕ ਵਿਅਕਤੀ ਨੂੰ ਕਿਸੇ ਤੇਜ਼ ਰਫਤਾਰ ਵਾਹਨ ਵਲੋਂ ਕੁਚਲਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮਨਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਠੱਠੀਆਂ ਮਹੰਤਾਂ ਨੇ ਦੱਸਿਆ ਕਿ ਉਹ ਏ. ਬੀ. ਟੀ. ਸੀ. ਬੱਸ ਵਿਚ ਬਤੌਰ ਕੰਡਕਟਰ ਵਜੋਂ ਨੌਕਰੀ ਕਰਦਾ ਹੈ। ਬੀਤੀ ਸਵੇਰੇ 8 ਵਜੇ ਆਪਣੀ ਡਿਊਟੀ ਖਤਮ ਕਰ ਕੇ ਅੰਮ੍ਰਿਤਸਰ ਤੋਂ ਵਾਪਸ ਠੱਠੀਆਂ ਮਹੰਤਾਂ ਨੂੰ ਜਾ ਰਿਹਾ ਸੀ। ਜਦ ਉਹ ਜ਼ਿਲਾ ਕੋਰਟ ਕੰਪਲੈਕਸ ਪਿੱਦੀ ਨਜ਼ਦੀਕ ਪਹੁੰਚੇ ਤਾਂ ਓਵਰਟੇਕ ਕਰਦਿਆਂ ਟਰਾਲੇ ਦੀ ਸਕੂਲੀ ਬੱਸ ਨਾਲ ਟੱਕਰ ਹੋ ਗਈ। ਜਿਸ ਦੌਰਾਨ ਪਿੱਛੋਂ ਆ ਰਹੀ ਇਕ ਨਿੱਜੀ ਟਰਾਂਸਪੋਰਟ ਦੀ ਬੱਸ ਵਿਚੋਂ ਉਸ ਦਾ ਭਰਾ ਸਰਬਜੀਤ ਸਿੰਘ ਹੇਠਾਂ ਉਤਰਿਆ ਅਤੇ ਬੱਸ ਨੂੰ ਰਸਤਾ ਦਿਵਾਉਣ ਲੱਗ ਪਿਆ। ਜਿਸ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਵਾਹਨ ਨੇ ਬਿਨਾਂ ਹਾਰਨ ਦਿੱਤੇ ਸਾਈਡ ਮਾਰ ਦਿੱਤੀ, ਜਿਸ ਨਾਲ ਉਸ ਦੇ ਭਰਾ ਸਰਬਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਏ. ਐੱਸ. ਆਈ. ਪ੍ਰਦੁਮਣ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਕੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਲੇਸ਼ੀਆ ਤੋਂ ਪਰਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY