ਮਹਿਤਾ ਚੌਕ (ਪਾਲ)- ਸਥਾਨਕ ਕਸਬੇ ਦੀ ਅੰਮ੍ਰਿਤਸਰ-ਊਨਾ ਨੈਸ਼ਨਲ ਹਾਈਵੇਅ ’ਤੇ ਦਾਣਾ ਮੰਡੀ ਕੋਲ ਨਾਜਾਇਜ਼ ਤੌਰ ’ਚ ਝੁੱਗੀਆਂ ਬਣਾ ਕੇ ਰਹਿ ਰਹੇ ਪਰਿਵਾਰਾਂ ਵਲੋਂ ਬੀਤੀ 4 ਅਗਸਤ ਦੀ ਰਾਤ ਕਰੀਬ 9 ਵਜੇ ਕਥਿਤ ਬੰਬ ਧਮਾਕਾ ਹੋਣ ਦੇ ਦਾਅਵੇ ਤੋਂ ਬਾਅਦ ਪੂਰੇ ਇਲਾਕੇ ’ਚ ਚਰਚਾ ਦਾ ਮਾਹੌਲ ਬਣਿਆ ਰਿਹਾ। ਘਟਨਾ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਂਦਿਆਂ ਘਟਨਾ ਸਥਾਨ ’ਤੇ ਪੁੱਜ ਕੇ ਝੁੱਗੀਆਂ ’ਚ ਰਹਿ ਰਹੇ ਪਰਿਵਾਰਾਂ, ਆਸ-ਪਾਸ ਦੇ ਲੋਕਾਂ ਤੇ ਘਟਨਾ ਸਥਾਨ ’ਤੇ ਪੁੱਜੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਡਰਾ-ਧਮਕਾ ਕੇ ਝੁੱਗੀਆਂ ਖਾਲੀ ਕਰਵਾਉਣਾ ਹੈ ਮਕਸਦ : ਪੀੜਤ ਪਰਿਵਾਰ
ਝੁੱਗੀਆਂ ’ਚ ਰਹਿ ਰਹੇ ਲੋਕਾਂ ਨੇ ਘਟਨਾ ਦਾ ਵੇਰਵਾ ਦਿੰਦਿਆਂ ਕਿਹਾ ਕਿ ਬੀਤੀ 4 ਅਗਸਤ ਦੀ ਰਾਤ ਕਰੀਬ 9 ਵਜੇ ਝੁੱਗੀਆਂ ਅੰਦਰ ਬਣੀ ਇਕ ਕਬਾੜ ਦੀ ਦੁਕਾਨ ਕੋਲੋਂ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਜਾ ਕੇ ਦੇਖਣ ’ਤੇ ਇਹ ਇਕ ਤਰ੍ਹਾਂ ਨਾਲ ਬੰਬ ਧਮਾਕਾ ਲੱਗ ਰਿਹਾ ਸੀ। ਉੱਥੇ ਮੌਜੂਦ ਪਰਿਵਾਰਾਂ ਦਾ ਕਹਿਣਾ ਸੀ ਕਿ ਦਾਣਾ ਮੰਡੀ ਵਾਲੇ ਪਾਸਿਓਂ ਆਏ ਇਕ ਮੋਟਰਸਾਈਕਲ ਸਵਾਰ ਨੇ ਕੋਈ ਵਿਸਫੋਟਕ ਵਸਤੂ ਸੁੱਟੀ ਸੀ, ਜਿਸ ਦਾ ਮਕਸਦ ਉਨ੍ਹਾਂ ਨੂੰ ਡਰਾ-ਧਮਕਾ ਕੇ ਝੁੱਗੀਆਂ ਖਾਲੀ ਕਰਵਾਉਣਾ ਸੀ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ 16 ਜੁਲਾਈ ਨੂੰ ਵੀ ਕਥਿਤ ਗ੍ਰਨੇਡ ਹਮਲੇ ਦੀ ਚਰਚਾ ਹੋਈ ਸੀ ਤੇ ਬਾਅਦ ’ਚ ਉਨ੍ਹਾਂ ਨੂੰ ਖਲਿਸਤਾਨ ਬੱਬਰ ਖਾਲਸਾ ਦੇ ਨਾਂ ਦੀਆਂ ਧਮਕੀ ਭਰੀਆਂ ਕਥਿਤ ਚਿੱਠੀਆਂ ਵੀ ਮਿਲੀਆਂ ਸਨ। ਇਸ ਦੌਰਾਨ ਸਮੂਹ ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹ ਇਸ ਸਮੇਂ ਡਰ ਦੇ ਮਾਹੌਲ ’ਚ ਰਹਿ ਰਹੇ ਹਨ, ਜਿਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੇ ਨਾਲ-ਨਾਲ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਡੀ. ਐੱਸ. ਪੀ. ਬਲਜੀਤ ਸਿੰਘ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਜੰਡਿਆਲਾ ਗੁਰੂ ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਸ ਦੀ ਹੁਣ ਤੱਕ ਦੀ ਮੁੱਢਲੀ ਜਾਂਚ ’ਚ ਕਥਿਤ ਬੰਬ ਧਮਾਕੇ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਸਾਹਮਣੇ ਨਹੀਂ ਆਇਆ।
ਡੀ. ਐੱਸ. ਪੀ. ਨੇ ਇਹ ਵੀ ਦੱਸਿਆ ਕਿ 16 ਜੁਲਾਈ ਨੂੰ ਗ੍ਰਨੇਡ ਹਮਲੇ ਦੀ ਚਰਚਾ ਤੇ ਬੱਬਰ ਖਾਲਸਾ ਦੇ ਨਾਂ ’ਤੇ ਇਨ੍ਹਾਂ ਲੋਕਾਂ ਨੂੰ ਮਿਲੀਆਂ ਕਥਿਤ ਧਮਕੀ ਭਰੀਆਂ ਚਿੱਠੀਆਂ ਵੀ ਪੁਲਸ ਦੀ ਮੁੱਢਲੀ ਜਾਂਚ ਅਨੁਸਾਰ ਫਰਜ਼ੀ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੇ ਤੱਥਾਂ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕਿਸੇ ਸਾਜਿਸ਼ ਜਾਂ ਅਪਰਾਧ ਸਬੰਧੀ ਤੱਥ ਸਾਹਮਣੇ ਆਉਂਦੇ ਹਨ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਮਹਿਤਾ ਇੰਸਪੈਕਟਰ ਸਿਮਰਨਜੀਤ ਕੌਰ ਵੀ ਨਾਲ ਮੌਜੂਦ ਸਨ।
ਝੁੱਗੀਆਂ ਅਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਡੀ. ਐੱਸ. ਪੀ. ਨੂੰ ਸੌਂਪਿਆ ਮੰਗ-ਪੱਤਰ
ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਕਿਨਾਰੇ ਸਰਕਾਰੀ ਜ਼ਮੀਨ ’ਤੇ ਬਣੀਆਂ ਇਨ੍ਹਾਂ ਝੁੱਗੀਆਂ ਖ਼ਿਲਾਫ਼ ਜਨਤਕ ਤੌਰ ’ਤੇ ਮੁੱਦਾ ਚੁੱਕਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਜੰਡਿਆਲਾ ਗੁਰੂ ਇੰਚਾਰਜ ਬਲਜੀਤ ਸਿੰਘ ਬੁੱਟਰ ਨੇ ਕੁਝ ਸਮਾਜ ਸੇਵਕਾਂ ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਡੀ. ਐੱਸ. ਪੀ. ਜੰਡਿਆਲਾ ਗੁਰੂ ਨੂੰ ਮੰਗ-ਪੱਤਰ ਸੌਂਪਿਆ ਅਤੇ ਸਰਕਾਰੀ ਜ਼ਮੀਨ ’ਚ ਕਥਿਤ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕਰਵਾ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਅਤੇ ਝੁੱਗੀਆਂ ਹਟਾਉਣ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਡੀ. ਐੱਸ. ਪੀ. ਅੱਗੇ ਇਹ ਵੀ ਦਾਅਵਾ ਰੱਖਿਆ ਕਿ ਇਨ੍ਹਾਂ ਝੁੱਗੀਆਂ ’ਚ ਰਹਿ ਰਹੇ ਕੁਝ ਲੋਕਾਂ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਕਾਰਨ ਇਲਾਕਾ ਵਾਸੀਆਂ ’ਚ ਚਿੰਤਾ ਤੇ ਅਸੁਰੱਖਿਆ ਦਾ ਮਾਹੌਲ ਹੈ, ਜਿਸ ਨੂੰ ਰੋਕਣ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਗਲਤ ਅਨਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਮੌਕੇ ਝੁੱਗੀਆਂ ਦੇ ਆਸ-ਪਾਸ ਰਹਿੰਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਧਮਾਕੇ ਦੀ ਕੋਈ ਆਵਾਜ਼ ਨਹੀਂ ਸੁਣੀ।
ਝਬਾਲ 'ਚ ਡਬਲ ਮਰਡਰ ਦਾ ਮਾਮਲਾ: 2 ਭਰਾਵਾਂ ਤੇ ਪਿਤਾ ਵਿਰੁੱਧ ਕਤਲ ਦਾ ਕੇਸ ਕੀਤਾ ਦਰਜ
NEXT STORY