ਅੰਮ੍ਰਿਤਸਰ (ਜਗ ਬਾਣੀ ਟੀਮ) : ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਸੂਬੇ ਵਿਚ ਐੱਸ. ਸੀ. ਭਾਈਚਾਰੇ ਨੂੰ ਅਹਿਮੀਅਤ ਮਿਲਣ ਦੀ ਚਰਚਾ ਹਰ ਪਾਸੇ ਹੈ। ਜਿਸ ਤਰ੍ਹਾਂ ਕਾਂਗਰਸ ਨੇ ਚੰਨੀ ਨੂੰ ਇਹ ਅਹਿਮ ਪੋਸਟ ਦਿੱਤੀ ਹੈ, ਉਹ ਪੰਜਾਬ ਦੀ ਸਿਆਸਤ ਵਿਚ ਇਕ ਵੱਡਾ ਇਤਿਹਾਸਕ ਕਦਮ ਹੈ। ਸੂਬੇ ਦੇ ਐੱਸ. ਸੀ. ਵੋਟ ਬੈਂਕ ’ਤੇ ਕੇਂਦਰਤ ਸਿਆਸਤ ਚੱਲ ਰਹੀ ਹੈ। ਕਾਂਗਰਸ ਨੇ ਚੰਨੀ ਨੂੰ ਅਹਿਮੀਅਤ ਦਿੱਤੀ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਬਸਪਾ ਨਾਲ ਸਮਝੌਤਾ ਕਰ ਕੇ ਐੱਸ. ਸੀ. ਵੋਟ ਬੈਂਕ ਨੂੰ ਆਪਣੇ ਖੇਮੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਮ ਆਦਮੀ ਪਾਰਟੀ ਵੀ ਇਸ ਦੌੜ ਵਿਚ ਪਿੱਛੇ ਨਹੀਂ ਅਤੇ ਉਸ ਵਲੋਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਅਜੇ ਤਕ ਸਿਆਸੀ ਪਾਰਟੀਆਂ ਦਾ ਪੂਰਾ ਦਾਰੋਮਦਾਰ ਰਵੀਦਾਸੀਆ ਸਮਾਜ ਦੀ ਵੋਟ ’ਤੇ ਹੀ ਨਿਰਭਰ ਹੈ ਪਰ ਜੇ ਪੰਜਾਬ ਦੀ ਜਾਤੀਗਤ ਸਥਿਤੀ ਨੂੰ ਵੇਖਿਆ ਜਾਵੇ ਤਾਂ ਇੱਥੇ ਸਿਆਸੀ ਪਾਰਟੀਆਂ ਨੂੰ ਹੋਰ ਵਰਗਾਂ ਨੂੰ ਵੀ ਨਾਲ ਰੱਖਣਾ ਪਵੇਗਾ, ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ।
ਪੰਜਾਬ ਵਿਚ ਲਗਭਗ 32 ਫੀਸਦੀ ਐੱਸ. ਸੀ. ਵੋਟ ਬੈਂਕ ਹੈ, ਜਿਸ ਵਿਚੋਂ 75 ਫੀਸਦੀ ਐੱਸ. ਸੀ. ਵੋਟ ਪਿੰਡਾਂ ਨਾਲ ਸਬੰਧਤ ਹਨ। ਪੰਜਾਬ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਹੁਸ਼ਿਆਰਪੁਰ ਅਜਿਹੇ ਜ਼ਿਲ੍ਹੇ ਹਨ, ਜਿੱਥੇ ਐੱਸ. ਸੀ. ਵੋਟ ਬੈਂਕ 60 ਫ਼ੀਸਦੀ ਤੋਂ ਵੱਧ ਹੈ। ਸੂਬੇ ਵਿਚ ਇਸ ਸਥਿਤੀ ਨੂੰ ਹਰ ਸਿਆਸੀ ਪਾਰਟੀ ਬੜੇ ਧਿਆਨ ਨਾਲ ਵੇਖ ਰਹੀ ਹੈ, ਜਿਨ੍ਹਾਂ ਦਾ ਪੂਰਾ ਧਿਆਨ ਇਸ 32 ਫ਼ੀਸਦੀ ਵੋਟ ਬੈਂਕ ਵੱਲ ਹੀ ਹੈ ਪਰ ਇਸ 32 ਫ਼ੀਸਦੀ ਦੇ ਅੰਕੜੇ ਅੰਦਰ ਬਹੁਤ ਕੁਝ ਲੁਕਿਆ ਹੋਇਆ ਹੈ, ਜਿਸ ਨੂੰ ਲੈ ਕੇ ਫ਼ਿਲਹਾਲ ਸਿਆਸੀ ਪਾਰਟੀਆਂ ਕੁਝ ਹੱਦ ਤਕ ਲਾਪ੍ਰਵਾਹ ਹਨ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਹੋਏ ਕਤਲ ਨੇ ਲਿਆ ਨਵਾਂ ਮੋੜ, ਨਿਹੰਗ ਆਗੂ ਦੀਆਂ ਭਾਜਪਾ ਮੰਤਰੀ ਨਾਲ ਤਸਵੀਰਾਂ ਵਾਇਰਲ
ਇਸ ਲਈ ਅਹਿਮ ਹੈ ਮਜ਼੍ਹਬੀ-ਵਾਲਮੀਕਿ ਸਮਾਜ
ਪੰਜਾਬ ’ਚ ਐੱਸ. ਸੀ. ਭਾਈਚਾਰੇ ਵਿਚ ਕੁਲ 37 ਜਾਤੀਆਂ ਹਨ, ਜੋ ਇਸ 32 ਫ਼ੀਸਦੀ ਦੇ ਅੰਕੜੇ ਵਿਚ ਸਮਾਈਆਂ ਹੋਈਆਂ ਹਨ। ਇਸ ਅੰਕੜੇ ਵਿਚ ਮਜ਼੍ਹਬੀ ਸਿੱਖ ਵਰਗ ਸਭ ਤੋਂ ਵੱਡਾ ਹਿੱਸਾ ਰੱਖਦਾ ਹੈ। ਐੱਸ. ਸੀ. ਭਾਈਚਾਰੇ ਦੇ ਕੁਲ ਅੰਕੜਿਆਂ ਵਿਚ 31.6 ਫ਼ੀਸਦੀ ਇਨ੍ਹਾਂ ਦਾ ਹੀ ਅੰਕੜਾ ਹੈ, ਜਦੋਂਕਿ ਦੂਜੇ ਨੰਬਰ ’ਤੇ ਪੰਜਾਬ ਵਿਚ ਰਵੀਦਾਸੀਆ ਸਮਾਜ ਹੈ, ਜਿਸ ਦਾ ਫ਼ੀਸਦੀ 26.2 ਹੈ। ਸੂਬੇ ਵਿਚ ਵਾਲਮੀਕਿ ਸਮਾਜ ਦਾ ਅੰਕੜਾ 11.2 ਫ਼ੀਸਦੀ ਹੈ। 2011 ਦੇ ਆਬਾਦੀ ਅੰਕੜਿਆਂ ਅਨੁਸਾਰ ਇਹ ਅੰਕੜਾ ਦੱਸਣ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਅਜੇ ਤਕ ਪੰਜਾਬ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ ਸਿਰਫ਼ ਰਵੀਦਾਸੀਆ ਸਮਾਜ ਵੱਲ ਹੀ ਧਿਆਨ ਦੇ ਰਹੀਆਂ ਹਨ, ਜਦੋਂਕਿ ਉਨ੍ਹਾਂ ਸਾਹਮਣੇ ਮਜ਼੍ਹਬੀ ਸਿੱਖ ਤੇ ਵਾਲਮੀਕਿ ਸਮਾਜ ਵੀ ਵੱਡੀ ਥਾਂ ਰੱਖਦਾ ਹੈ। ਹੁਣ ਤਕ ਪੰਜਾਬ ਵਿਚ ਮਜ਼੍ਹਬੀ ਸਿੱਖ ਤੇ ਵਾਲਮੀਕ ਸਮਾਜ, ਜੋ ਰਵੀਦਾਸੀਆ ਸਮਾਜ ਦੇ ਨਾਲ-ਨਾਲ ਇਕ ਵੱਡਾ ਪਲੇਟਫਾਰਮ ਹੈ, ਨੂੰ ਲੈ ਕੇ ਕਿਸੇ ਸਿਆਸੀ ਪਾਰਟੀ ਨੇ ਕੋਈ ਵੱਡਾ ਪਲਾਨ ਨਹੀਂ ਬਣਾਇਆ।
ਇਹ ਵੀ ਪੜ੍ਹੋ : ਦੁਬਈ ਦੇ ਇਸ ਸ਼ੇਖ ਕੋਲ ਨੇ 32 ਹਜ਼ਾਰ ਤੋਂ ਵੱਧ ਮਾਡਲ ਕਾਰਾਂ, ਸਰਦਾਰਾਂ ਦੇ ਮੁਰੀਦ ਨੇ 'ਸ਼ੇਖ ਅਜ਼ਰੂਨੀ' (ਵੀਡੀਓ)
2017 ’ਚ ਐੱਸ. ਸੀ. ਵੋਟ ਬੈਂਕ ਦਾ ਹਿਸਾਬ
ਪੰਜਾਬ ’ਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਐੱਸ. ਸੀ. ਬਹੁਗਿਣਤੀ 24 ਸੀਟਾਂ ਵਿਚੋਂ ਕਾਂਗਰਸ ਨੇ ਸਭ ਤੋਂ ਵੱਧ 21 ਸੀਟਾਂ ਜਿੱਤੀਆਂ ਸਨ, ਭਾਜਪਾ ਨੇ ਇਕ ਸੀਟ ਜਿੱਤੀ ਸੀ, ਜੋ ਬਾਅਦ ’ਚ ਕਾਂਗਰਸ ਦੇ ਹੱਥ ਚਲੀ ਗਈ। ਅਕਾਲੀ ਦਲ ਨੇ 3 ਸੀਟਾਂ ਤਾਂ ਆਮ ਆਦਮੀ ਪਾਰਟੀ ਨੇ 9 ਸੀਟਾਂ ਜਿੱਤੀਆਂ ਸਨ। ਇਕ ਬਹੁਤ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ 22 ਐੱਸ. ਸੀ. ਵਿਧਾਇਕਾਂ ਵਿਚੋਂ 14 ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਹੁਣੇ ਜਿਹੇ ਕਾਂਗਰਸ ਵਿਚ ਜੋ ਤਬਦੀਲੀਆਂ ਕੀਤੀਆਂ ਗਈਆਂ ਹਨ, ਉਸ ਵਿਚ ਫ਼ਿਲਹਾਲ ਮਜ਼੍ਹਬੀ ਸਿੱਖ ਸਮਾਜ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਮਿਲੀ। ਪਾਰਟੀ ਨੇ ਫ਼ਿਲਹਾਲ ਪੂਰਾ ਧਿਆਨ ਰਵੀਦਾਸੀਆ ਸਮਾਜ ਵੱਲ ਲਾਇਆ ਹੈ ਅਤੇ ਇਹੀ ਹਾਲਤ ਪੰਜਾਬ ਵਿਚ ਭਾਜਪਾ ਤੇ ਹੋਰ ਸਿਆਸੀ ਪਾਰਟੀਆਂ ਦੀ ਵੀ ਹੋ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ?
ਪੁਰਾਣੀ ਰੰਜਿਸ਼ ਤਹਿਤ ਫਤਾਹਪੁਰ ਸਥਿਤ ਕੇਂਦਰੀ ਜੇਲ੍ਹ ’ਚ ਬੰਦ ਕੈਦੀ ਭਿੜੇ, 8 ’ਤੇ ਮਾਮਲਾ ਦਰਜ
NEXT STORY