ਅੰਮ੍ਰਿਤਸਰ, (ਅਰੁਣ)- ਬੀਤੀ 15 ਸਤੰਬਰ ਦੀ ਸਵੇਰ ਤੀਰਥ ਨਗਰ ਵੇਰਕਾ ਵਾਸੀ 82 ਸਾਲਾ ਬਜ਼ੁਰਗ ਅੌਰਤ ਅਮਰਜੀਤ ਕੌਰ ’ਤੇ ਜਾਨਲੇਵਾ ਹਮਲਾ ਕਰ ਕੇ ਦੌਡ਼ੇ ਹਮਲਾਵਰ ਨੂੰ ਥਾਣਾ ਵੇਰਕਾ ਦੀ ਪੁਲਸ ਨੇ ਬੀਤੀ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ। ਮੁਲਜ਼ਮ ਵੱਲੋਂ ਅੌਰਤ ਕੋਲੋਂ ਲੁੱਟੇ ਗਹਿਣੇ ਪੁਲਸ ਨੇ ਬਰਾਮਦ ਕਰ ਲਏ ਹਨ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਵੇਰਕਾ ਵਿਖੇ ਬੀਤੀ 15 ਸਤੰਬਰ ਨੂੰ ਦਰਜ ਇਰਾਦਾ ਕਤਲ ਦੇ ਮਾਮਲੇ ’ਚ ਕਿਸੇ ਅਣਪਛਾਤੇ ਹਮਲਾਵਰ ਨੇ ਘਰ ’ਚ ਇਕੱਲੀ ਰਹਿ ਰਹੀ ਅੌਰਤ ਅਮਰਜੀਤ ਕੌਰ (82) ’ਤੇ ਚਾਕੂ ਨਾਲ ਹਮਲਾ ਕਰਨ ਮਗਰੋਂ ਸੋਨੇ ਦੀ ਮੁੰਦਰੀ, ਕਾਂਟੇ ਤੇ ਕੋਕਾ ਲੁੱਟ ਲਏ ਸਨ। ਏ. ਸੀ. ਪੀ. ਈਸਟ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਵੇਰਕਾ ਮੁਖੀ ਇੰਸਪੈਕਟਰ ਨੀਰਜ ਕੁਮਾਰ ਦੀ ਟੀਮ ਨੇ ਜਾਂਚ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਤਰਸੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਖਣਵਿੰਡੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਕਬਜ਼ੇ ’ਚੋਂ ਅੌਰਤ ਕੋਲੋਂ ਲੁੱਟੇ ਗਹਿਣੇ ਪੁਲਸ ਨੇ ਬਰਾਮਦ ਕਰ ਲਏ ਹਨ।
ਪੁਰਾਣੇ ਕਿਰਾਏਦਾਰ ਦਾ ਭਰਾ ਨਿਕਲਿਆ ਲੁਟੇਰਾ- ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ. ਡੀ. ਸੀ. ਪੀ. ਵਾਲੀਆ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਇਹ ਮੁਲਜ਼ਮ ਅਮਰਜੀਤ ਕੌਰ ਦੇ ਘਰ 3 ਮਹੀਨੇ ਪਹਿਲਾਂ ਕਿਰਾਏ ’ਤੇ ਰਹਿਣ ਵਾਲੇ ਬਲਦੇਵ ਸਿੰਘ ਦਾ ਭਰਾ ਹੈ, ਜੋ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ ਅਤੇ ਅੌਰਤ ਦੇ ਇਕੱਲੇ ਘਰ ’ਚ ਰਹਿਣ ਬਾਰੇ ਪੂਰੀ ਤਰ੍ਹਾਂ ਵਾਕਿਫ ਸੀ। ਗ੍ਰਿਫਤਾਰ ਕੀਤੇ ਇਸ ਮੁਲਜ਼ਮ ਵੱਲੋਂ ਪੈਸਿਆਂ ਦੀ ਖਾਤਿਰ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਪੁਲਸ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਇਸ ਮੁਲਜ਼ਮ ਖਿਲਾਫ ਥਾਣਾ ਛੇਹਰਟਾ ਵਿਖੇ ਸ਼ਰਾਬ ਦਾ ਇਕ ਮਾਮਲਾ ਦਰਜ ਪਾਇਆ ਗਿਆ ਹੈ।
ਪੁਲਸ ਰਿਮਾਂਡ ਦੌਰਾਨ ਹੋ ਸਕਦੇ ਹਨ ਕਈ ਹੋਰ ਖੁਲਾਸੇ- ਵਾਲੀਆ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਇਸ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
1 ਹਫਤੇ ਤੋਂ ਪਾਣੀ ਨਾ ਆਉਣ ’ਤੇ ਲੋਕਾਂ ਨੇ ਖਡ਼ਕਾਏ ਖਾਲੀ ਭਾਂਡੇ
NEXT STORY