ਤਰਨਤਾਰਨ (ਰਮਨ ਚਾਵਲਾ)-ਜ਼ਿਲਾ ਤਰਨਤਾਰਨ ਦੀ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਆਰ.ਐੱਸ. ਬਾਜਵਾ ਦੀ ਅਦਾਲਤ ਵੱਲੋਂ ਧਮਾਣ ਸਮਾਗਮ ਦੌਰਾਨ ਹੋਏ ਇਕ ਨੌਜਵਾਨ ਦੇ ਕਤਲ ਸਬੰਧੀ ਪੁਰਾਣੇ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ ਦੋ ਸਕੇ ਭਰਾਵਾਂ ਨੂੰ ਕ੍ਰਮਵਾਰ 20 ਸਾਲ ਅਤੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਤੀਜੇ ਮੁਲਜ਼ਮ ਸੰਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਭੈਲ ਢਾਏ ਵਾਲਾ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੈਲ ਢਾਏ ਵਾਲਾ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਮਿਤੀ 24 ਨਵੰਬਰ 2023 ਨੂੰ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ ਦੀ ਲੜਕੀ ਦੇ ਵਿਆਹ ਸਬੰਧੀ ਧਮਾਣ ਸਮਾਗਮ ਰੱਖਿਆ ਗਿਆ ਸੀ, ਜਿਸ ਵਿਚ ਉਹ ਆਪਣੇ ਛੋਟੇ ਭਰਾ ਸ਼ਮਸ਼ੇਰ ਸਿੰਘ ਸਮੇਤ ਸ਼ਾਮਲ ਹੋਣ ਲਈ ਗਿਆ ਹੋਇਆ ਸੀ।
ਇਸ ਸਮਾਗਮ ਵਿਚ ਮਨਦੀਪ ਸਿੰਘ ਪੁੱਤਰ ਸਵਰਨ ਸਿੰਘ, ਰਣਜੀਤ ਸਿੰਘ ਉਰਫ਼ ਮਨੀ ਪੁੱਤਰ ਸਵਰਨ ਸਿੰਘ, ਦੋਵੇਂ ਸਕੇ ਭਰਾ ਵਾਸੀ ਪਿੰਡ ਭੈਲ ਢਾਏ ਵਾਲਾ ਅਤੇ ਸੰਦੀਪ ਸਿੰਘ ਉਰਫ਼ ਸੋਨੀ ਪੁੱਤਰ ਦਿਲਬਾਗ ਸਿੰਘ ਵੀ ਮੌਜੂਦ ਸਨ। ਸਮਾਗਮ ਦੌਰਾਨ ਡੀ.ਜੇ. ਦੀਆਂ ਧੁਨਾਂ ਉਪਰ ਭੰਗੜਾ ਪਾਇਆ ਜਾ ਰਿਹਾ ਸੀ, ਪਰ ਜਦੋਂ ਡੀ.ਜੇ ਬੰਦ ਹੋਇਆ ਤਾਂ ਕੁਝ ਵਿਅਕਤੀਆਂ ਦੀ ਪਰਿਵਾਰਕ ਮੈਂਬਰਾਂ ਨਾਲ ਤਕਰਾਰ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਇਹ ਤਕਰਾਰ ਝਗੜੇ ’ਚ ਬਦਲ ਗਈ।
ਕਰਤਾਰ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਛੋਟਾ ਭਰਾ ਸ਼ਮਸ਼ੇਰ ਸਿੰਘ ਝਗੜਾ ਕਰ ਰਹੇ ਵਿਅਕਤੀਆਂ ਨੂੰ ਸ਼ਾਂਤ ਕਰਨ ਅਤੇ ਲੜਾਈ ਨਾ ਕਰਨ ਲਈ ਸਮਝਾ ਰਿਹਾ ਸੀ। ਇਸੇ ਦੌਰਾਨ ਮਨਦੀਪ ਸਿੰਘ ਨੇ ਆਪਣੇ ਡੱਬ ’ਚੋਂ ਖੰਜ਼ਰ ਕੱਢ ਕੇ ਸ਼ਮਸ਼ੇਰ ਸਿੰਘ ਦੇ ਪੇਟ ’ਚ ਵਾਰ ਕਰ ਦਿੱਤਾ। ਜਦੋਂ ਕਰਤਾਰ ਸਿੰਘ ਆਪਣੇ ਜ਼ਖ਼ਮੀ ਭਰਾ ਨੂੰ ਸੰਭਾਲ ਕੇ ਪਿੱਛੇ ਹਟਾਉਣ ਲੱਗਾ ਤਾਂ ਰਣਜੀਤ ਸਿੰਘ ਉਰਫ਼ ਮਨੀ ਨੇ ਵੀ ਕਿਰਚ ਨਾਲ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਏ ਸ਼ਮਸ਼ੇਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਕਰਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨਦੀਪ ਸਿੰਘ, ਰਣਜੀਤ ਸਿੰਘ ਉਰਫ਼ ਮਨੀ ਅਤੇ ਸੰਦੀਪ ਸਿੰਘ ਉਰਫ਼ ਸੋਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ ’ਚ ਹੋਈ। ਸੁਣਵਾਈ ਦੌਰਾਨ ਸੰਦੀਪ ਸਿੰਘ ਵੱਲੋਂ ਪੇਸ਼ ਹੋਏ ਐਡਵੋਕੇਟ ਨਵਜੋਤ ਕੌਰ ਚੱਬਾ ਅਤੇ ਐਡਵੋਕੇਟ ਮਨੂਵੰਤ ਸਿੰਘ ਚੱਬਾ ਨੇ ਆਪਣੇ ਮੁਵੱਕਿਲ ਦੇ ਪੱਖ ਵਿਚ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਵੱਲੋਂ ਕੇਸ ਨਾਲ ਸਬੰਧਤ ਤੱਥਾਂ, ਸਬੂਤਾਂ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਵਿਚਾਰਨ ਉਪਰੰਤ ਸੰਦੀਪ ਸਿੰਘ ਨੂੰ ਦੋਸ਼ਾਂ ਤੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
ਦੂਜੇ ਪਾਸੇ ਅਦਾਲਤ ਨੇ ਇਸੇ ਮਾਮਲੇ ’ਚ ਮਨਦੀਪ ਸਿੰਘ ਪੁੱਤਰ ਸਵਰਨ ਸਿੰਘ ਨੂੰ 20 ਸਾਲ ਦੀ ਕੈਦ ਅਤੇ ਉਸ ਦੇ ਸਕੇ ਭਰਾ ਰਣਜੀਤ ਸਿੰਘ ਉਰਫ਼ ਮਨੀ ਪੁੱਤਰ ਸਵਰਨ ਸਿੰਘ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਨਦੀਪ ਸਿੰਘ ਵੱਲੋਂ ਐੱਲ.ਏ.ਡੀ.ਸੀ ਦੇ ਵਕੀਲ ਨੇ ਪੈਰਵੀ ਕੀਤੀ, ਜਦਕਿ ਰਣਜੀਤ ਸਿੰਘ ਵੱਲੋਂ ਐਡਵੋਕੇਟ ਹਰਸੰਜੀਵ ਸਿੰਘ ਅਦਾਲਤ ਵਿਚ ਪੇਸ਼ ਹੋਏ ਸਨ। ਇਸ ਸਬੰਧੀ ਕਤਲ ਮਾਮਲੇ ਵਿਚ ਸੰਦੀਪ ਸਿੰਘ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਦੇ ਫ਼ੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਨਿਆਂਪਾਲਿਕਾ ਦਾ ਧੰਨਵਾਦ ਕੀਤਾ।
ਸ਼ੱਕੀ ਹਾਲਤ 'ਚ ਕਾਰ ’ਚ ਬੈਠੇ ਤਿੰਨ ਨੌਜਵਾਨ ਹਿਰਾਸਤ 'ਚ ਲਏ, ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਮਾਮਲਾ ਦਰਜ
NEXT STORY