ਚੰਡੀਗੜ੍ਹ - ‘ਮੇਰੇ ਉੱਤੇ ਹਮਲਾ ਪੰਜਾਬ ਸਰਕਾਰ ਦੀ ਸ਼ਹਿ ਨਾਲ ਭਾੜੇ ਦੇ ਕਰਿੰਦਿਆਂ ਵਲੋਂ ਕੀਤਾ ਗਿਆ ਹੈ, ਪੰਜਾਬ ਪੁਲਸ ਇਸ ਮਾਮਲੇ ਵਿੱਚ ਤੁਰੰਤ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰੇ ਅਤੇ ਹਮਲੇ ਪਿੱਛੇ ਪੂਰੀ ਸਾਜਿਸ਼ ਨੂੰ ਬੇਨਕਾਬ ਕਰੇ।’’ ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਹਨ।
ਸ੍ਰੀ ਸਾਂਪਲਾ ਉੱਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਬਾੜੀਆਂ ਕਲਾਂ ਵਿੱਚ ਉਸੇ ਵੇਲੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਇੱਥੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਖਿਲਾਫ਼ ਧਰਨੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ।
ਇਸ ਹਮਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਕੋਈ ਵੱਡਾ ਮਸਲਾ ਖੜਾ ਹੁੰਦਾ ਹੈ, ਉਦੋਂ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਹੋਣ ਲੱਗਦੀ ਹੈ, ਭੰਨਤੋੜ ਕੀਤੀ ਜਾਂਦੀ ਹੈ। ਹੁਸ਼ਿਆਰਪੁਰ ਵਿੱਚ ਇਹ ਤੀਜੀ ਚੌਥੀ ਘਟਨਾ ਹੈ। ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਇੱਕ ਪਾਸੇ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਖੁਦਕਸ਼ੀ ਅਤੇ ਮੋਹਨਜੀਤ ਸਿੰਘ ਦੀ ਹਿਰਾਸਤੀ ਕੁੱਟਮਾਰ ਵਰਗੇ ਮਾਮਲਿਆਂ ਕਰਕੇ ਸਰਕਾਰ ਘਿਰੀ ਹੋਈ ਹੈ, ਉਦੋਂ ਫੇਰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਕਿਸੇ ਗਹਿਰੀ ਸਾਜਿਸ਼ ਵੱਲ ਇਸ਼ਾਰਾ ਕਰਦੀ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਉਹ ਮੰਚ, ਜਿੱਥੇ ਉਨ੍ਹਾਂ ਨੂੰ ਨਿਸ਼ਾਨਾਂ ਬਣਾਇਆ ਗਿਆ, ਭਾਵੇਂ ਉੱਥੇ ਝੰਡੇ ਬਹੁਜਨ ਸਮਾਜ ਪਾਰਟੀ ਦੇ ਲੱਗੇ ਹੋਏ ਸਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਭ ਕੁਝ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਹੋਇਆ ਹੈ ਕਿਉਂ ਕਿ ਉੱਥੇ ਹਾਜ਼ਰ ਪੁਲਿਸ ਮੂਕ ਦਰਸ਼ਕ ਬਣੀ ਰਹੀ।
ਪਰ ਨਾਲ ਹੀ ਵਿਜੇ ਸਾਂਪਲਾ ਨੇ ਸਪੱਸ਼ਟ ਕੀਤਾ ਕਿ ਇਸ ਮੰਚ ਉੱਤੇ ਝੰਡੇ ਬੀਐੱਸਪੀ ਦੇ ਲੱਗੇ ਹੋਏ ਸਨ, ਇਸ ਲਈ ਇਸ ਘਟਨਾ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਵੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ, ਉਨ੍ਹਾਂ ਨੂੰ ਉਹ ਨਿੱਜੀ ਤੌਰ ਉੱਤੇ ਜਾਣਦੇ ਨਹੀਂ ਹਨ। ਪਰ ਉਹ ਮੰਚ ਦਾ ਸੰਚਾਲਕ ਕਰ ਰਹੇ ਸਨ। ਇਸ ਲਈ ਸਥਾਨਕ ਪੁਲਿਸ ਤੋਂ ਅਣਜਾਣ ਨਹੀਂ ਹੋਣਗੇ। ਇਸ ਲਈ ਪੁਲਿਸ ਉਨ੍ਹਾਂ ਨੂੰ ਫੌਰੀ ਗ੍ਰਿਫ਼ਤਾਰ ਕਰੇ।
ਘਟਨਾ ਦੌਰਾਨ ਕੀ ਕੁਝ ਵਾਪਰਿਆ
ਵਿਜੇ ਸਾਂਪਲਾ ਨੇ ਦੱਸਿਆ ਕਿ 15 ਸਤੰਬਰ ਨੂੰ ਜਦੋਂ ਉਨ੍ਹਾਂ ਨੂੰ ਬਾੜੀਆਂ ਕਲਾਂ ਵਿੱਚ ਬਾਬਾ ਸਾਹਿਬ ਦੇ ਬੁੱਤ ਨਾਲ ਭੰਨਤੋੜ ਕਰਨ ਬਾਰੇ ਪਤਾ ਲੱਗਿਆ ਤਾਂ ਉਹ ਪ੍ਰਸਾਸ਼ਨ ਨੂੰ ਸੂਚਿਤ ਕਰ ਕੇ ਅੱਜ ਉੱਥੇ ਪਹੁੰਚੇ ਸਨ। ਜਦੋਂ ਉਹ ਘਟਨਾ ਵਾਲੇ ਸਥਾਨ ਉੱਤੇ ਪਹੁੰਚੇ ਤਾਂ ਮੀਡੀਆ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਆ ਗਿਆ, ਇਸੇ ਦੌਰਾਨ ਕੁਝ ਲੋਕ ਜੋ ਮੰਚ ਸੰਭਾਲ ਰਹੇ ਹਨ, ਉਨ੍ਹਾਂ ਨੇ ਭਾਜਪਾ ਅਤੇ ਵਿਜੇ ਸਾਂਪਲਾ ਖਿਲਾਫ਼ ਨਿੱਜੀ ਨਾਅਰੇ ਲਾਏ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਉਸ ਤੋਂ ਬਾਅਦ ਉਨ੍ਹਾਂ ਹਾਜ਼ਰ ਡੀਐੱਸਪੀ ਨੂੰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ ਕਰ ਰਹੇ ਲੋਕਾਂ ਨੂੰ ਵਰਜਣ ਲਈ ਕਿਹਾ। ਡੀਐੱਸਪੀ ਨੇ ਇਨ੍ਹਾਂ ਲੋਕਾਂ ਨੂੰ ਰੋਕਿਆ ਵੀ, ਉਸ ਤੋਂ ਬਾਅਦ ਸਾਂਪਲਾ ਮੰਚ ਨੇੜੇ ਗਏ। ਇਸੇ ਦੌਰਾਨ ਮੰਚ ਤੋਂ ਕਿਹਾ ਕਿ ਉਹ ਵਿਜੇ ਸਾਂਪਲਾ ਨੂੰ ਸਵਾਲ ਕਰਨਾ ਚਾਹੁੰਦੇ ਹਨ, ਪਰ ਜਦੋਂ ਉਹ ਮੰਚ ਉੱਤੇ ਗਏ ਤੇ ਮਾਇਕ ਉੱਤੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਇੱਕ ਵਿਅਕਤੀ ਨੇ ਅੱਗੋਂ ਕੁਝ ਮਾਰਿਆ ਤੇ ਇੱਕ ਨੇ ਪਿਛਿਓ ਹਮਲਾ ਕੀਤਾ। ਪਰ ਉਨ੍ਹਾਂ ਨੂੰ ਪਾਰਟੀ ਵਰਕਰਾਂ ਨੇ ਕਵਰ ਕਰ ਲਿਆ।
ਬਿਜਲੀ ਸੰਕਟ ਨੂੰ ਹੱਲ ਕਰਨ ਚ ਪੰਜਾਬ ਸਰਕਾਰ ਨਾਕਾਮ: ਅਸ਼ਵਨੀ ਸ਼ਰਮਾ
NEXT STORY