ਲੁਧਿਆਣਾ (ਰਾਜ)- ਸਹੁਰਾ ਧਿਰ ਦੇ ਲਗਾਤਾਰ ਜ਼ੁਲਮ, ਗਾਲੀ ਗਲੋਚ ਅਤੇ ਨਸ਼ੇੜੀ ਪਤੀ ਦੀ ਦਰਿੰਦਗੀ ਤੋਂ ਪ੍ਰੇਸ਼ਾਨ ਵਿਅਹੁਤਾ ਨੇ ਮੌਤ ਨੂੰ ਗਲੇ ਲਾ ਲਿਆ। ਮ੍ਰਿਤਕਾ ਨੇ ਫਾਹਾ ਲੈਣ ਤੋਂ ਠੀਕ ਪਹਿਲਾਂ ਆਪਣੇ ਮੋਬਾਇਲ ਤੋਂ ਇਕ ਦਰਦਨਾਕ ਵੀਡੀਓ ਰਿਕਾਰਡ ਕੀਤੀ ਜਿਸ ਵਿਚ ਉਸ ਨੇ ਆਪਣੇ ਪਤੀ, ਤਾਈ ਸੱਸ ਤੇ ਉਸ ਦੀ ਬਹੂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਅਤੇ ਗਾਲ੍ਹਾਂ ਕੱਢਣ ਦਾ ਕੱਚਾ ਚਿੱਠਾ ਖੋਲ੍ਹਿਆ। ਇਹ ਵੀਡੀਓ ਉਸ ਨੇ ਪਰਿਵਾਰ ਵਾਲਿਆਂ ਨੂੰ ਵ੍ਹਟਸਐਪ ’ਤੇ ਭੇਜੀ ਤੇ ਉਸ ਤੋਂ ਬਾਅਦ ਕਮਰੇ ਵਿਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਟਿੱਬਾ ਦੀ ਪੁਲਸ ਨੇ ਪਤੀ ਸਮੇਤ ਤਿੰਨ ਸਹੁਰਾ ਮੈਂਬਰਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।
ਪੁਲਸ ਨੇ ਘਟਨਾ ਸਥਾਨ ਤੋਂ ਫਾਹੇ ਲਈ ਵਰਤੀ ਚੁੰਨੀ ਅਤੇ ਉਹ ਮੋਬਾਇਲ ਬਰਾਮਦ ਕਰ ਲਿਆ ਜਿਸ ਨਾਲ ਵੀਡੀਓ ਬਣਾਈ ਗਈ ਸੀ। ਪੁਲਸ ਨੂੰ ਦਿੱਤੇ ਅਧਿਕਾਰਤ ਬਿਆਨਾਂ ਵਿਚ ਮ੍ਰਿਤਕਾ ਦੀ ਮਾਤ ਲਕਸ਼ਮੀ ਨੇ ਦੱਸਿਆ ਕਿ ਉਸ ਦੀ 30 ਸਾਲਾਂ ਬੇਟੀ ਸ਼ਮੀਨਾ ਉਰਫ ਸ਼ਮਾ ਦਾ ਵਿਆਹ ਕਰੀਬ 11 ਸਾਲ ਪਹਿਲਾਂ ਅਜੇ ਮਹਿਰਾ ਉਰਫ ਅੱਜੂ ਦੇ ਨਾਲ ਹੋਇਆ ਸੀ।
ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਤੀ ਅਜੇ ਨੇ ਸ਼ਮੀਨਾ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਸ਼ਰਾਬ ਤੇ ਹੋਰ ਨਸ਼ਿਆਂ ਦਾ ਆਦੀ ਸੀ ਤੇ ਆਏ ਦਿਨ ਨਸ਼ੇ ਦੀ ਹਾਲਤ ਵਿਚ ਸ਼ਮੀਨਾ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ। ਸ਼ਮੀਨਾ ਖੁਦ ਮਿਹਨਤ ਮਜ਼ਦੂਰੀ ਕਰਕੇ ਜੋ ਪੈਸੇ ਕਮਾ ਕੇ ਲਿਆਉਂਦੀ ਸੀ, ਮੁਲਜ਼ਮ ਅਜੇ ਨਸ਼ੇ ਦੀ ਲਤ ਪੂਰੀ ਕਰਨ ਲਈ ਉਸ ਤੋਂ ਉਹ ਪੈਸੇ ਵੀ ਜਬਰੀ ਖੋਹ ਲੈਂਦਾ ਸੀ।
ਜਦੋਂ ਸ਼ਮੀਨਾ ਨੇ ਆਪਣੇ ’ਤੇ ਹੋ ਰਹੇ ਜ਼ੁਲਮ ਦੀ ਸ਼ਿਕਾਇਤ ਆਪਣੀ ਤਾਈ ਸੱਸ ਸੱਤਿਆ ਨਾਲ ਕੀਤੀ ਅਤੇ ਗੁਹਾਰ ਲਗਾਈ ਕਿ ਉਹ ਆਪਣੇ ਭਤੀਜੇ ਅਜੇ ਨੂੰ ਸਮਝਾਵੇ ਤਾਂ ਤਾਈ ਸੱਸ ਸੱਤਿਆ ਅਤੇ ਉਸ ਦੀ ਬਹੂ ਰਿੰਪੀ ਨੇ ਵੀ ਉਸ ਦਾ ਸਾਥ ਦੇਣ ਦੀ ਬਜਾਏ ਉਲਟਾ ਸ਼ਮੀਨਾ ਨੂੰ ਹੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।
ਸਹੁਰਿਆਂ ਦੇ ਇਸ ਚੌਤਰਫਾ ਮਾਨਸਿਕ ਤੇ ਸਰੀਰਕ ਦਬਾਅ ਨੇ ਸ਼ਮੀਨਾ ਨੂੰ ਅੰਦਰੋਂ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਲਗਾਤਰਾ ਵਧ ਰਹੇ ਜ਼ੁਲਮ ਤੋਂ ਦੁਖੀ ਹੋ ਕੇ ਸ਼ਮੀਨਾ ਨੇ ਖੁਦਕੁਸ਼ੀ ਕਰ ਲਈ ਪਰ ਖੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਉਸ ਨੇ ਆਪਣੇ ਮੋਬਾਇਲ ਤੋਂ ਇਕ ਭਾਵੁਕ ਅਤੇ ਰੋਂਦਿਆਂ ਵੀਡੀਓ ਬਣਾਈ ਤੇ ਆਪਣੇ ਪੇਕਿਆਂ ਨੂੰ ਵ੍ਹਟਸਐਪ ਜ਼ਰੀਏ ਭੇਜੀ ਤੇ ਇਸ ਤੋਂ ਬਾਅਦ ਫਾਹਾ ਲੈ ਲਿਆ। ਜਦੋਂ ਪੇਕਾ ਧਿਰ ਜਾਂ ਹੋਰ ਲੋਕ ਮੌਕੇ ’ਤੇ ਪੁੱਜੇ, ਉਦੋਂ ਤੱਕ ਸ਼ਮੀਨਾ ਦਮ ਤੋੜ ਚੁੱਕੀ ਸੀ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਫਾਹੇ ਤੋਂ ਥੱਲੇ ਲਾਹ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਭਾਜਪਾ ਸਰਕਾਰ ਬਣਨ 'ਤੇ ਪੰਜਾਬ 'ਚ ਵੀ ਲਾਗੂ ਕੀਤੀਆਂ ਜਾਣਗੀਆਂ ਹਰਿਆਣਾ ਦੀਆਂ ਸਕੀਮਾਂ: CM ਨਾਇਬ ਸੈਣੀ
NEXT STORY