ਖਰੜ, (ਰਣਬੀਰ, ਅਮਰਦੀਪ, ਸ਼ਸ਼ੀ)— ਖਰੜ-ਮੋਹਾਲੀ ਰੇਲਵੇ ਸਟੇਸ਼ਨ ਵਿਚਾਲੇ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ 'ਚ ਟਰੇਨ ਅੱਗੇ ਆ ਖੁਦਕੁਸ਼ੀ ਕਰ ਲਏ ਜਾਣ ਸਬੰਧੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸਵੀਰ ਸਿੰਘ (24) ਦਿੜਬਾ ਜ਼ਿਲਾ ਸੰਗਰੂਰ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਸੋਮਵਾਰ ਸਿਵਲ ਹਸਪਤਾਲ ਖਰੜ ਵਿਖੇ ਪੋਸਟਮਾਰਟਮ ਕਰਵਾ ਕੇ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜੀ. ਆਰ. ਪੀ. ਖਰੜ ਨੂੰ ਉਕਤ ਥਾਂ ਟਰੈਕ 'ਤੇ ਲਾਸ਼ ਪਈ ਹੋਣ ਸਬੰਧੀ ਸੂਚਨਾ ਮਿਲੀ ਸੀ, ਜਿਸ ਦੀ ਸ਼ਨਾਖਤ ਉਸ ਦੇ ਉਸ ਦੇ ਮੋਟਰਸਾਈਕਲ 'ਚ ਮੌਜੂਦ ਦਸਤਾਵੇਜ਼ਾਂ ਤੋਂ ਹੋਈ। ਮ੍ਰਿਤਕ ਚੰਡੀਗੜ੍ਹ 'ਚ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਦੀ ਮੌਤ ਮਗਰੋਂ ਪ੍ਰੇਸ਼ਾਨ ਰਹਿੰਦਾ ਸੀ। ਜਿਸ ਦੌਰਾਨ ਉਸ ਨੇ ਇਹ ਕਦਮ ਚੁੱਕਿਆ। ਜੀ. ਆਰ. ਪੀ. ਖਰੜ ਵਲੋਂ ਮੌਕੇ ਤੋਂ ਲਾਸ਼ ਸਮੇਤ ਬਰਾਮਦ ਹੋਰ ਸਬੂਤ ਕਬਜ਼ੇ 'ਚ ਲੈ ਕੇ ਇਸ ਘਟਨਾ ਦੀ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੇਬ 'ਚੋਂ ਮਿਲਿਆ ਨੋਟ
ਮ੍ਰਿਤਕ ਦੀ ਤਲਾਸ਼ੀ ਲਏ ਜਾਣ 'ਤੇ ਪੁਲਸ ਨੂੰ ਉਸ ਦੀ ਜੇਬ 'ਚੋਂ ਇਕ ਨੋਟ ਬਰਾਮਦ ਹੋਇਆ, ਜਿਸ ਵਿਚ ਜਸਵੀਰ ਸਿੰਘ ਵਲੋਂ ਅੰਗਰੇਜ਼ੀ 'ਚ ਹਸਤਾਖਰ ਕਰ ਕੇ ਪੰਜਾਬੀ ਵਿਚ ਲਿਖਿਆ ਸੀ, ''ਮੇਰੀ ਜਿੰਨੀ ਵੀ ਜ਼ਮੀਨ ਮੇਰੇ ਨਾਮ ਹੈ ਉਹ ਸਾਰੀ ਮੇਰੇ ਭਾਣਜੇ ਦੇ ਨਾਮ ਕਰ ਦਿੱਤੀ ਜਾਵੇ, ਜਿਸ ਦਾ ਨਾਮ ਜਸ਼ਨਦੀਪ ਸਿੰਘ ਹੈ। ਪਿਤਾ ਦਾ ਨਾਮ ਕੁਲਵੀਰ ਸਿੰਘ ਮਾਤਾ ਦਾ ਨਾਂ ਜਸਪ੍ਰੀਤ ਕੌਰ ਪਿੰਡ ਖਾਈ ਤਹਿ. ਸੁਨਾਮ ਜ਼ਿਲਾ ਸੰਗਰੂਰ, ਮੈਂ ਜਸ਼ਨ ਨੂੰ ਬਹੁਤ ਪਿਆਰ ਕਰਦਾ ਹਾਂ, ਉਹ ਮੇਰਾ ਇਕਲੌਤਾ ਭਾਣਜਾ ਹੈ।''
ਟਰੇਨ ਦੀ ਚਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
NEXT STORY