ਸਾਦਿਕ (ਪਰਮਜੀਤ)- ਅੱਜ ਸਵੇਰੇ ਸਾਦਿਕ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਇਕ ਨਵਜੰਮੇ ਬੱਚੇ ਦਾ ਭਰੂਣ ਮਿਲਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 5 ਕੁ ਵਜੇ ਕੋਈ ਅਣਪਛਾਤੇ ਲੋਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਕਰਤੂਤ ਕਰਦੇ ਹੋਏ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਕਰੀਬ ਛੇ ਮਹੀਨੇ ਦਾ ਭਰੂਣ ਸੜਕ 'ਤੇ ਬਣੇ ਡਿਵਾਈਡਰ ਦੇ ਵਿਚਕਾਰ ਸੁੱਟ ਕੇ ਚਲੇ ਗਏ।
ਸਵੇਰ ਸਮੇਂ ਜਦ ਦੁਕਾਨਦਾਰ ਆਏ ਤਾਂ ਉਨ੍ਹਾਂ ਨੇ ਭਰੂਣ ਨੂੰ ਦੇਖਿਆ ਤਾਂ ਉਨ੍ਹਾਂ ਦੀ ਰੂਹ ਕੰਬ ਉੱਠੀ। ਉਨ੍ਹਾਂ ਸਮਾਜ ਸੇਵੀ ਰਾਜਵਿੰਦਰ ਸਿੰਘ ਢਿੱਲੋਂ ਨਾਲ ਜਾਣਕਾਰੀ ਸਾਂਝੀ ਕੀਤੀ। ਰਾਜਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨਸਾਨੀਅਤ ਦੇ ਨਾਤੇ ਉਨ੍ਹਾਂ ਨੇ ਥਾਣਾ ਮੁਖੀ ਨੂੰ ਫੋਨ ਕੀਤੇ ਤਾਂ ਏ.ਐੱਸ.ਆਈ ਨਛੱਤਰ ਸਿੰਘ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਆਏ ਤੇ ਭਰੂਣ ਨੂੰ ਚੁੱਕ ਕੇ ਲੈ ਗਏ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪਤਾ ਲੱਗਾ ਹੈ ਕਿ ਪੁਲਸ ਨੇ ਮੇਰੇ ਬਿਆਨਾਂ ਤੇ ਪਰਚਾ ਦਰਜ ਕੀਤਾ ਹੈ।
ਇਸ ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਵਿਚ ਰੋਸ ਤੇ ਸੋਗ ਦੀ ਲਹਿਰ ਦੌੜ ਗਈ ਕਿ ਇਕ ਔਰਤ ਵੱਲੋਂ ਆਪਣਾ ਪਾਪ ਛੁਪਾਉਣ ਲਈ ਕਿਸ ਹੱਦ ਤੱਕ ਘਿਨਾਉਣਾ ਜ਼ੁਰਮ ਕੀਤਾ ਹੈ। ਥਾਣਾ ਸਾਦਿਕ ਵਿਖੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਗੁਰਲਾਲ ਸਿੰਘ ਨੇ ਦੱਸਿਆ ਕਿ ਭਰੂਣ ਨੂੰ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ ਹੈ।
ਘਰ 'ਚ ਇਕੱਲੀ ਔਰਤ ਦਾ ਬੇਰਹਿਮੀ ਨਾਲ ਕਤਲ, ਪਿੰਡ 'ਚ ਫੈਲੀ ਦਹਿਸ਼ਤ
NEXT STORY