ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਅਤੇ ਸਹੌਰ ਵਿਚ ਅੱਜ ਦੁਪਹਿਰ ਬਿਜਲੀ ਦੇ ਚੰਗਿਆੜਿਆਂ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਰੱਖਿਆ ਟਾਂਗਰ ਅੱਗ ਦੀ ਭੇਟ ਚੜ੍ਹ ਗਿਆ, ਜਿਸ ਨਾਲ ਕਰੀਬ 34 ਏਕੜ ਟਾਂਗਰ ਸੜ ਕੇ ਸੁਆਹ ਹੋ ਗਿਆ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਪੀੜਤ ਕਿਸਾਨ ਹਰਪਾਲ ਸਿੰਘ ਵਾਸੀ ਕੁਰੜ ਨੇ ਦੱਸਿਆ ਕਿ ਪਿੰਡ ਖਿਆਲੀ ਤੋਂ ਲੋਰੀ ਨੂੰ ਜਾਂਦੇ ਕੱਚੇ ਰਸਤੇ ਵਿਚਕਾਰ ਲੰਘਦੀ ਡਰੇਨ ਨੇੜੇ ਬਿਜਲੀ ਦੀ ਖੜੀ ਸਵਿਚ ਤੋਂ ਚੰਗਿਆੜਾ ਡਿੱਗਣ ਕਾਰਨ ਅੱਗ ਲੱਗੀ। ਇਸ ਅੱਗ ਨੇ ਪਹਿਲਾਂ ਕਿਸਾਨ ਗੁਰਚਰਨ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਠੇਕੇ ‘ਤੇ ਲੈ ਕੇ ਬੀਜੀ 17 ਏਕੜ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਲਈ ਰੱਖੇ ਟਾਂਗਰ ਨੂੰ ਲਪੇਟ ਵਿਚ ਲਿਆ। ਅੱਗ ਕਾਰਨ ਉਸ ਦੇ ਕਰੀਬ 15 ਏਕੜ ਟਾਂਗਰ ਸੜ ਕੇ ਸੁਆਹ ਹੋ ਗਿਆ।
ਇਸੇ ਘਟਨਾ ਵਿੱਚ ਕਿਸਾਨ ਕਰਨੈਲ ਸਿੰਘ ਪੁੱਤਰ ਤੇਜਾ ਸਿੰਘ ਦੇ ਖੇਤਾਂ ਵਿਚੋਂ ਤੂੜੀ ਲਈ ਰੱਖਿਆ 7 ਏਕੜ ਟਾਂਗਰ ਅਤੇ ਹਰਪਾਲ ਸਿੰਘ ਪੁੱਤਰ ਸੁਖਵੰਤ ਸਿੰਘ ਦੇ ਖੇਤਾਂ ਵਿਚ ਰੱਖਿਆ 7 ਏਕੜ ਟਾਂਗਰ ਵੀ ਅੱਗ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸੜ ਗਿਆ। ਅੱਗ ਕਾਰਨ ਕੁੱਲ ਮਿਲਾ ਕੇ ਕਰੀਬ 29 ਏਕੜ ਟਾਂਗਰ ਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਪਿੰਡ ਸਹੌਰ ਵਿਖੇ ਦੁਪਹਿਰ ਕਰੀਬ 1 ਵਜੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਸਿਆਮ ਸਿੰਘ ਦੇ ਖੇਤਾਂ ਵਿੱਚੋਂ ਕਣਕ ਕੱਟਣ ਤੋਂ ਬਾਅਦ ਤੂੜੀ ਲਈ ਰੱਖੇ ਟਾਂਗਰ ਨੂੰ ਵੀ ਬਿਜਲੀ ਦੇ ਚੰਗਿਆੜਿਆਂ ਨਾਲ ਅੱਗ ਲੱਗ ਗਈ, ਜਿਸ ਨਾਲ ਟਾਂਗਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਮੌਕੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਸਹੌਰ, ਸਹਾਇਕ ਸਕੱਤਰ ਗੁਰਜੰਟ ਸਿੰਘ, ਮਲਕੀਤ ਸਿੰਘ ਫੌਜੀ, ਭਗਵਾਨ ਚੰਦ ਪ੍ਰਧਾਨ, ਰਣਵੀਰ ਸਿੰਘ, ਦਰਬਾਰਾ ਸਿੰਘ ਅਤੇ ਬਲਰਾਜ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ। ਸਬੂਤਾਂ ਸਮੇਤ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
27 ਅਪ੍ਰੈਲ ਨੂੰ ਬੰਦ ਰਹਿਣਗੀਆਂ ਧਰਮਕੋਟ ਦੀਆਂ ਕੀੜੇਮਾਰ ਦਵਾਈਆਂ ਅਤੇ ਖਾਦ ਦੀਆਂ ਦੁਕਾਨਾਂ
NEXT STORY