ਫਰੀਦਕੋਟ (ਰਾਜਨ) : ਸ਼ਹਿਰ ਅੰਦਰ ਲਗਾਤਾਰ ਚੋਰਾਂ ਦੀ ਦਹਿਸ਼ਤ ਨੇ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਏ ਦਿਨ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਵਿਚ ਖੌਫ਼ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਅੱਜ ਮੁੜ ਇਕ ਵਾਰ ਚੋਰਾਂ ਵੱਲੋਂ ਧੁੰਦ ਦਾ ਫਾਇਦਾ ਚੁੱਕਦੇ ਹੋਏ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਸਭ ਤੋਂ ਪਹਿਲਾਂ ਇਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੋਂ ਦੁਕਾਨ ਅੰਦਰ ਗੱਲੇ ਵਿੱਚ ਪਈ ਨਕਦੀ ਤੋਂ ਇਲਾਵਾ ਮੋਬਿਲ ਆਇਲ ਦੀਆਂ ਕੇਨੀਆਂ ’ਤੇ ਵੀ ਹੱਥ ਸਾਫ਼ ਕੀਤਾ ਗਿਆ। ਗੌਰਤਲਬ ਹੈ ਕਿ ਜਦੋਂ ਚੋਰ ਦੁਕਾਨ ਅੰਦਰ ਵੜੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਤਾਂ ਹੋ ਗਈਆਂ ਪਰ ਚੋਰਾਂ ਵੱਲੋਂ ਦੁਕਾਨ ਅੰਦਰ ਲੱਗੇ ਕੈਮਰੇ ਦਾ ਮੂੰਹ ਘੁਮਾ ਕੇ ਪਾਸੇ ਕਰ ਦਿੱਤਾ ਗਿਆ ਅਤੇ ਅਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਬਾਅਦ ਚੋਰਾਂ ਵੱਲੋਂ ਇਕ ਮੀਟ-ਮਾਸ ਦੀ ਦੁਕਾਨ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਗਿਆ, ਪਰ ਗ਼ਨੀਮਤ ਰਹੀ ਕਿ ਉੱਥੇ ਵੱਡਾ ਨੁਕਸਾਨ ਨਹੀਂ ਹੋ ਸਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਦੁਕਾਨਦਾਰਾਂ ਨੇ ਕਹਿਣਾ ਹੈ ਕਿ ਸ਼ਹਿਰ ਅੰਦਰ ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ, ਪਰ ਪ੍ਰਸ਼ਾਸਨ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਰੱਖਣ ਵਿੱਚ ਅਸਫਲ ਸਾਬਤ ਹੋ ਰਿਹਾ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਸ਼ਹਿਰ ਵਿਚ ਫੈਲੇ ਡਰ ਦੇ ਮਾਹੌਲ ਨੂੰ ਖਤਮ ਕੀਤਾ ਜਾਵੇ। ਉਧਰ ਜਾਂਚ ਕਰ ਰਹੀ ਪੁਲਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਚੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਜਾਵੇਗਾ।
ਪਾਰਸਲਾਂ ਦੀ ਹੇਰਾ-ਫ਼ੇਰੀ ਕਰਨ 'ਤੇ ਕੋਰੀਅਰ ਕੰਪਨੀ ਦੇ ਮੁਲਾਜ਼ਮ 'ਤੇ ਪਰਚਾ ਦਰਜ
NEXT STORY