ਹਲਵਾਰਾ (ਲਾਡੀ) : ਮੱਧ-ਪੂਰਬ ਦੇਸ਼ਾਂ ਵਿੱਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਤੇਲ ਪਦਾਰਥਾਂ ਦੀ ਸਪਲਾਈ ਸੰਬੰਧੀ ਅਣਿਸ਼ਚਿਤਤਾ ਨੇ ਸਥਾਨਕ ਪੱਧਰ ’ਤੇ ਵੀ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਨਯਾਰਾ ਪੈਟਰੋਲੀਅਮ ਕੰਪਨੀ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਅਚਾਨਕ ਵਾਧੇ ਕਾਰਨ ਹਲਵਾਰਾ ਇਲਾਕੇ ਦੇ ਪੈਟਰੋਲ ਪੰਪਾਂ ’ਤੇ ਗ੍ਰਾਹਕਾਂ ਦੀ ਆਵਾਜਾਈ ਵਿੱਚ ਕਾਫੀ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ।
ਹਲਵਾਰਾ-ਮਲੇਰਕੋਟਲਾ ਰੋਡ ’ਤੇ ਸਥਿਤ ਨਯਾਰਾ ਪੈਟਰੋਲ ਪੰਪ ’ਤੇ ਅੱਜ ਦਿਨ ਭਰ ਸੰਨਾਟਾ ਛਾਇਆ ਰਿਹਾ। ਪੰਪ ਮਾਲਕ ਸਤੀਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ ਬੀਤੇ ਦਿਨ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਟਰੋਲ 98.14 ਰੁਪਏ ਅਤੇ ਡੀਜ਼ਲ 87.77 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਸੀ, ਜੋ ਹੁਣ ਵਧ ਕੇ ਕ੍ਰਮਵਾਰ 103.14 ਰੁਪਏ ਅਤੇ 90.77 ਰੁਪਏ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੀਮਤਾਂ ਵਿੱਚ ਵਾਧੇ ਦੇ ਤੁਰੰਤ ਬਾਅਦ ਗ੍ਰਾਹਕਾਂ ਨੇ ਨਯਾਰਾ ਪੰਪਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕ ਹੋਰ ਕੰਪਨੀਆਂ ਦੇ ਪੰਪਾਂ ’ਤੇ ਤੇਲ ਪਵਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਨਾਲ ਵਿਕਰੀ ਵਿੱਚ ਵੱਡੀ ਗਿਰਾਵਟ ਆਈ ਹੈ।
ਪੰਪ ਮਾਲਕ ਅਨੁਸਾਰ, ਸਟਾਕ ਦੀ ਘਾਟ ਵੀ ਇੱਕ ਵੱਡੀ ਚਿੰਤਾ ਬਣੀ ਹੋਈ ਹੈ। ਪੰਪ ਦੀ ਕੁੱਲ ਸਟੋਰੇਜ ਸਮਰੱਥਾ ਡੀਜ਼ਲ ਲਈ 40 ਹਜ਼ਾਰ ਲੀਟਰ ਅਤੇ ਪੈਟਰੋਲ ਲਈ 20 ਹਜ਼ਾਰ ਲੀਟਰ ਹੈ, ਪਰ ਇਸ ਵੇਲੇ ਡੀਜ਼ਲ ਦਾ ਸਟਾਕ ਸਿਰਫ਼ 1500 ਲੀਟਰ ਅਤੇ ਪੈਟਰੋਲ ਦਾ ਲਗਭਗ 1000 ਲੀਟਰ ਹੀ ਬਚਿਆ ਹੈ। ਹਾਲਾਤਾਂ ਨੂੰ ਦੇਖਦਿਆਂ ਪੰਪ ਪ੍ਰਬੰਧਨ ਵੱਲੋਂ ਵਿਕਰੀ ’ਤੇ ਸੀਮਾਵਾਂ ਵੀ ਲਗਾਈਆਂ ਗਈਆਂ ਹਨ। ਮੋਟਰਸਾਈਕਲ ਅਤੇ ਸਕੂਟਰਾਂ ਵਿੱਚ ਕੇਵਲ 200 ਰੁਪਏ ਤੱਕ ਦਾ ਪੈਟਰੋਲ ਹੀ ਪਾਇਆ ਜਾ ਰਿਹਾ ਹੈ, ਜਦਕਿ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਡੀਜ਼ਲ ਦੀ ਭਰਾਈ 500 ਰੁਪਏ ਤੱਕ ਸੀਮਿਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਬੋਤਲਾਂ ਜਾਂ ਕੈਨੀਆਂ ਵਿੱਚ ਡੀਜ਼ਲ-ਪੈਟਰੋਲ ਦੇਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਲਗਾਤਾਰ ਵਾਧਾ ਅਤੇ ਸਪਲਾਈ ਦੀ ਅਣਿਸ਼ਚਿਤਤਾ ਕਾਰਨ ਉਨ੍ਹਾਂ ਵਿੱਚ ਚਿੰਤਾ ਦਾ ਮਾਹੌਲ ਹੈ। ਜੇਕਰ ਹਾਲਾਤ ਇੰਝ ਹੀ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਇੰਧਨ ਸੰਕਟ ਹੋਰ ਗੰਭੀਰ ਹੋ ਸਕਦਾ ਹੈ।
ਭਾਰਤ ਕੇਵਲ ਫੌਜੀ ਰਾਜ ਨਹੀਂ, ਸੱਭਿਅਤਾ ਅਤੇ ਅਧਿਆਤਮ ਨਾਲ ਪ੍ਰੇਰਿਤ ਦੇਸ਼ ਹੈ: ਦੱਤਾਤ੍ਰੇਯ ਹੋਸਬਾਲੇ
NEXT STORY