ਮੋਗਾ (ਗੋਪੀ ਰਾਊਕੇ, ਬਾਵਾ, ਕਸ਼ਿਸ਼) — ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕੀਤੇ ਗਏ ਏ.ਐੱਸ.ਆਈ. ਹਰਜੀਤ ਸਿੰਘ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਮੋਗਾ ਪੁਲਸ ਵੱਲੋਂ ਅੱਜ ਪਿੰਡ ਮੀਨੀਆਂ ਵਿੱਚ ਕਥਿਤ ਤੌਰ ’ਤੇ ਵੱਡੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪਿੰਡ ਨੂੰ ਕਈ ਘੰਟਿਆਂ ਤੱਕ ਸੀਲ ਕਰਕੇ ਛਾਪੇਮਾਰੀ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਇਸ ਕਾਰਵਾਈ ਦੌਰਾਨ ਅਰਸ਼ਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨਾਮਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਏ ਜਾਣ ਦੀ ਚਰਚਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਇੱਕ ਹਥਿਆਰ ਬਰਾਮਦ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਪਿੰਡ ਮੀਨੀਆਂ ਥਾਣਾ ਬੱਧਨੀ ਕਲਾਂ ਦੇ ਅਧੀਨ ਪੈਂਦਾ ਹੈ। ਪੁਲਸ ਦੀ ਕਾਰਵਾਈ ਦੌਰਾਨ ਪਿੰਡ ਵਿੱਚ ਆਉਣ-ਜਾਣ ’ਤੇ ਵੀ ਕਥਿਤ ਤੌਰ ’ਤੇ ਨਿਗਰਾਨੀ ਰੱਖੀ ਗਈ ਅਤੇ ਕਈ ਘੰਟਿਆਂ ਤੱਕ ਇਲਾਕੇ ਵਿੱਚ ਪੁਲਸ ਦੀ ਮੌਜੂਦਗੀ ਰਹੀ।
ਹਾਲਾਂਕਿ, ਉਪਰੋਕਤ ਗ੍ਰਿਫਤਾਰੀ, ਹਿਰਾਸਤ ਅਤੇ ਹਥਿਆਰ ਦੀ ਬਰਾਮਦਗੀ ਸਬੰਧੀ ਮੋਗਾ ਪੁਲਸ ਦੇ ਕਿਸੇ ਅਧਿਕਾਰੀ ਵੱਲੋਂ ਅਜੇ ਤੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਕਾਰਨ ਇਨ੍ਹਾਂ ਵੇਰਵਿਆਂ ਨੂੰ ਫਿਲਹਾਲ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਵਜੋਂ ਹੀ ਦੇਖਿਆ ਜਾ ਰਿਹਾ ਹੈ। ਕੀਤੀ ਗਈ ਛਾਪੇਮਾਰੀ ਦੀ ਕਿਸੇ ਵੀ ਪੁਲਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 17 ਸਤੰਬਰ ਦੀ ਦੇਰ ਰਾਤ ਅੰਮ੍ਰਿਤਸਰ ਦੇ ਭਗਤਾਂਵਾਲਾ ਦਾਣਾ ਮੰਡੀ ਨੇੜੇ ਗਸ਼ਤ ਕਰ ਰਹੇ ਏ.ਐੱਸ.ਆਈ. ਹਰਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਮਿਲੇ ਗੋਲੀ ਦੇ ਖੋਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏ.ਐੱਸ.ਆਈ. ਹਰਜੀਤ ਸਿੰਘ ਦੇ ਪਰਿਵਾਰ ਨੂੰ ਕੁੱਲ 2 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਪੰਜਾਬ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਗ੍ਰੈਚੁਇਟੀ ਅਤੇ ਐੱਚ.ਡੀ.ਐੱਫ.ਸੀ. ਬੈਂਕ ਵੱਲੋਂ ਇਕ ਕਰੋੜ ਰੁਪਏ ਦੀ ਬੀਮਾ ਰਾਸ਼ੀ ਸ਼ਾਮਲ ਹੈ।
ਨਿਤਿਨ ਨਬੀਨ, ਕੇਵਲ ਸਿੰਘ ਢਿੱਲੋਂ, ਰਵਨੀਤ ਬਿੱਟੂ ਤੇ ਵਿਨੀਤ ਜੋਸ਼ੀ ਨੂੰ ‘ਹਿਊਮਨ ਬੰਬ’ ਰਾਹੀਂ ਉਡਾਉਣ ਦੀ ਧਮਕੀ
NEXT STORY