ਭਵਾਨੀਗੜ੍ਹ (ਵਿਕਾਸ ਮਿੱਤਲ)- ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿਖੇ ਰੋਸ ਪ੍ਰਦਰਸ਼ਨ ਲਈ ਜਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਭਵਾਨੀਗੜ੍ਹ ਸਮੇਤ ਵੱਖ-ਵੱਖ ਥਾਣਿਆਂ ਵਿਚ ਰੋਕ ਲਿਆ। ਭਵਾਨੀਗੜ੍ਹ ਥਾਣੇ ਵਿਚ 100 ਤੋਂ ਵੱਧ ਅਧਿਆਪਕਾਂ, ਜਿਨ੍ਹਾਂ 'ਚ ਕਰੀਬ 30 ਮਹਿਲਾ ਅਧਿਆਪਕ ਵੀ ਸ਼ਾਮਲ ਸਨ, ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖਿਆ ਗਿਆ।
ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਸਮੇਤ ਵੱਖ-ਵੱਖ ਜੱਥੇਬੰਦੀਆਂ ਨੇ ਅਧਿਆਪਕਾਂ ਨੂੰ ਹਿਰਾਸਤ ਵਿਚ ਰੱਖਣ ਦੀ ਸਖ਼ਤ ਨਿਖੇਧੀ ਕੀਤੀ। ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ 6640 ਕੰਪਿਊਟਰ ਅਧਿਆਪਕਾਂ ਨੂੰ 2010 ਦੇ ਰੈਗੂਲਰ ਨੋਟੀਫਿਕੇਸ਼ਨ ਤੇ 2011 ਦੇ ਨਿਯੁਕਤੀ ਪੱਤਰਾਂ ਦੇ ਬਾਵਜੂਦ ਅਜੇ ਤੱਕ ਪੂਰੇ ਹੱਕ ਨਹੀਂ ਮਿਲੇ। ਹਾਈ ਕੋਰਟ ਦੇ ਹੱਕ ਵਿਚ ਫ਼ੈਸਲੇ ਦੇ ਬਾਵਜੂਦ ਸਰਕਾਰ ਵੱਲੋਂ ਮਾਮਲਾ ਸੁਪਰੀਮ ਕੋਰਟ ਵਿਚ ਲਿਜਾਣ ਕਾਰਨ ਅਧਿਆਪਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਆਗੂਆਂ ਨੇ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ 'ਚੋਂ 113 ਦੀ ਮੌਤ ਹੋ ਚੁੱਕੀ ਹੈ ਅਤੇ ਪੰਜ ਅਧਿਆਪਕ ਬਿਨਾਂ ਬਣਦੇ ਲਾਭਾਂ ਤੋਂ ਰਿਟਾਇਰ ਹੋ ਚੁੱਕੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ 2 ਦਸੰਬਰ 2010 ਦਾ ਨੋਟੀਫਿਕੇਸ਼ਨ ਅਤੇ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਇਸ ਐਕਸ਼ਨ ਵਿਚ ਜ਼ਿਲ੍ਹਾ ਆਗੂ ਅੰਜੂ ਜੈਨ, ਸੁਖਵੀਰ ਕੌਰ, ਸਮਨਦੀਪ ਕੌਰ, ਸਬਨਮ, ਸੋਨੀਆ ਬਾਂਸਲ, ਅੰਜੂ ਰਾਣੀ, ਬਬੀਤਾ ਰਾਣੀ, ਹਰਵਿੰਦਰ ਸਿੰਘ, ਵਿਕਾਸ ਜਿੰਦਲ, ਖੁਸ਼ਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਰਾਜਪਾਲ, ਮਨਦੀਪ ਸਿੰਘ, ਨਰੇਸ਼ ਕੁਮਾਰ, ਨੀਰਜ ਯਾਦਵ, ਤੇਜਿੰਦਰ ਬਾਂਸਲ, ਪੁਸ਼ਪਿੰਦਰ ਰਤਨ ਤੇ ਸੁਮੀਤ ਖੁਰਾਣਾ ਹਾਜਰ ਸਨ।
ਅਧਿਆਪਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ - ਐਸ.ਐਚ.ਓ
ਉੱਧਰ, ਅਧਿਆਪਕ ਆਗੂਆਂ ਵੱਲੋਂ ਥਾਣੇ ਦਾ ਘਿਰਾਓ ਕਰਨ ਦੇ ਐਲਾਨ ਮਗਰੋਂ ਪੁਲਸ ਪ੍ਰਸ਼ਾਸਨ ਨੇ ਨਜ਼ਰਬੰਦ ਅਧਿਆਪਕਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ। ਇਸ ਸਬੰਧੀ ਐਸ.ਐਚ.ਓ. ਯਸ਼ਪਾਲ ਸਿੰਘ ਨੇ ਕਿਹਾ ਕਿ ਬਿਨਾਂ ਕੋਈ ਕਾਰਵਾਈ ਕੀਤੇ ਅਧਿਆਪਕਾਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ, Alert 'ਤੇ ਇਹ ਜ਼ਿਲ੍ਹੇ
NEXT STORY