ਮਾਨਸਾ (ਸੰਦੀਪ ਮਿੱਤਲ, ਮਨਜੀਤ ਕੌਰ, ਬਲਵਿੰਦਰ ਜੱਸਲ)- ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਛੇਵੀਂ ਜਮਾਤ ਵਿੱਚ ਪੜਨ ਵਾਲੀਆਂ ਬੱਚੀਆਂ ਦੇ ਮੁਫ਼ਤ ਟੀਕਾਕਰਨ ਕਰਨ ਦੀ ਤਿੰਨ ਦਿਨਾਂ ਮੁਹਿੰਮ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੇ ਜੱਚਾ-ਬੱਚਾ ਕੇਂਦਰ ਮਾਨਸਾ ਵਿਖੇ ਅੱਜ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਦੇ ਬਚਾਅ ਲਈ ਬੱਚੀਆਂ ਨੂੰ ਮੁਫ਼ਤ ਟੀਕੇ ਲਗਵਾਉਣ ਦੀ ਵਿਸ਼ੇਸ਼ ਪਹਿਲਕਦਮੀ ਭਾਰਤ ਵਿੱਚੋਂ ਪੰਜਾਬ ਦੇ 2 ਜ਼ਿਲ੍ਹਿਆਂ ਮਾਨਸਾ ਅਤੇ ਬਠਿੰਡਾ ਤੋਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਟੀਕਾਕਰਨ ਲਈ 5 ਕਰੋੜ ਰੁਪਏ ਦਾ ਬੱਜਟ ਰਾਖਵਾਂ ਰੱਖਿਆ ਗਿਆ ਹੈ, ਜਿਸ ਵਿੱਚੋਂ 1 ਕਰੋੜ ਰੁਪਏ ਖਰਚ ਕਰਕੇ ਮਾਨਸਾ ਅਤੇ ਬਠਿੰਡਾ ਦੇ 450 ਸਰਕਾਰੀ ਅਤੇ 470 ਪ੍ਰਾਈਵੇਟ ਸਕੂਲਾਂ ਦੀਆਂ 25000 ਲੜਕੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 10,000 ਬੱਚੀਆਂ ਮਾਨਸਾ ਜ਼ਿਲੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਐਚ.ਪੀ.ਵੀ. ਦੇ ਇੱਕ ਟੀਕੇ ਦੀ ਕੀਮਤ 3000/- ਰੁਪਏ ਦੇ ਕਰੀਬ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚੀਆਂ ਦਾ ਭਵਿੱਖ ਸੁਰੱਖਿਅਤ ਕਰਨਾ ਪੰਜਾਬ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਨਾਲ ਭਾਰਤ ਵਿੱਚ ਹਰ ਸਾਲ ਕਰੀਬ 67,000 ਮੌਤਾਂ ਹੁੰਦੀਆਂ ਹਨ ਅਤੇ ਇਸ ਬਿਮਾਰੀ ਤੋਂ ਬੱਚੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਕੱਢੀ ਗਈ ਹੈ। ਇਸ ਮੌਕੇ ਸਿਹਤ ਮੰਤਰੀ ਵੱਲੋਂ ਟੀਕਾਕਰਨ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਬੱਚੀਆਂ ਨੂੰ ਦਿੱਤੀ ਜਾ ਰਹੀ ਰਿਫਰੈਸ਼ਮੈਂਟ (ਜੂਸ, ਦੁੱਧ, ਬਿਸਕੁਟ ਅਤੇ ਪਾਣੀ ਦੀ ਬੋਤਲ) ਅਤੇ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਕੁਝ ਕਮੀਆਂ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਮੰਗ ਜੱਚਾ ਬੱਚਾ ਕੇਂਦਰ ਵਿਖੇ ਲਿਫਟ ਲਗਵਾਉਣਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਜੱਚਾ ਬੱਚਾ ਕੇਂਦਰ ਮਾਨਸਾ ਵਿੱਚ ਲਿਫ਼ਟ ਦਾ ਵੀ ਪ੍ਰਬੰਧ ਕਰ ਦਿੱਤਾ ਜਾਵੇਗਾ।
ਸੂਬੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ 11 ਵਿਭਾਗਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਬਿਮਾਰੀ ਦੇ ਵੱਧ ਰਹੇ ਕੇਸਾਂ ਦਾ ਕਾਰਨ ਜਾਨਣ ਸਬੰਧੀ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਇਹ ਪਤਾ ਲਗਾਏਗੀ ਕਿ ਡੇਂਗੂ ਦੇ ਵੱਧ ਰਹੇ ਮਰੀਜ਼ਾਂ ਦੇ ਕੀ ਕਾਰਨ ਹਨ ਅਤੇ ਭਵਿੱਖ ਵਿੱਚ ਡੇਂਗੂ ਨੂੰ ਰੋਕਣ ਲਈ ਕੀ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਕੀ ਕਮੀ ਉਨ੍ਹਾਂ ਨੂੰ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿੱਚ ਦਿੱਤੀ ਗਈ ਹੈ, ਜੋ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਨਵੀਂ ਭਰਤੀ ਕਰਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਕੀਤੇ ਜਾਣ ਵਾਲੇ ਡਾਕਟਰਾਂ ਦੀ ਘੱਟੋ-ਘੱਟ ਤਨਖ਼ਾਹ 40 ਹਜ਼ਾਰ ਰੁਪਏ ਕੀਤੀ ਜਾਵੇਗੀ, ਜਿਸ ਦੀ ਪ੍ਰਵਾਨਗੀ ਜਲਦੀ ਹੀ ਕੈਬਨਿਟ ਵੱਲੋਂ ਲਈ ਜਾ ਰਹੀ ਹੈ।
ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਪੜਨ ਵਾਲੀਆਂ ਲੜਕੀਆਂ ਨੂੰ ਐਚ.ਪੀ.ਵੀ. ਦੇ 2 ਟੀਕੇ ਲਗਵਾਕੇ ਭਵਿੱਚ ਦੌਰਾਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਹੋਰ ਬਿਮਾਰੀਆਂ ਜਿਵੇਂ ਕਿ ਜੈਨੀਟਲ ਵਾਰਟਸ ਅਤੇ ਵਿਜਾਈਨਲ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਟੀਕੇ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ ਅਤੇ 67 ਦੇਸ਼ਾਂ ਵੱਲੋਂ ਇਸ ਨੂੰ ਟੀਕਾਕਰਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਬੇਟੀਆਂ ਨੂੰ ਭਵਿੱਖ ਵਿੱਚ ਇਸ ਬਿਮਾਰੀ ਤੋਂ ਬਚਾਉਣ ਲਈ ਇਹ ਟੀਕਾ ਜ਼ਰੂਰ ਲਗਵਾਓ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਰਾਜੀਵ ਭੱਲਾ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜੈ ਸਿੰਘ, ਐਸ.ਐਸ.ਪੀ. ਮਾਨਸਾ ਸ਼੍ਰੀ ਪਰਮਬੀਰ ਸਿੰਘ ਪਰਮਾਰ, ਸਿਵਲ ਸਰਜਨ ਮਾਨਸਾ ਡਾ. ਸੁਨੀਲ ਪਾਠਕ, ਸਾਬਕਾ ਵਿਧਾਇਕ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ, ਹਲਕਾ ਸੇਵਾਦਾਰ ਡਾ. ਮੰਜੂ ਬਾਂਸਲ, ਆਲ ਇੰਡੀਆ ਯੂਥ ਕਾਂਗਰਸ ਦੇ ਸਲਾਹਕਾਰ ਕੁਲਵੰਤ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਜਸਵੰਤ ਸਿੰਘ ਫਫੜੇ ਭਾਈਕੇ, ਬਿਕਰਮਜੀਤ ਸਿੰਘ ਮੋਫਰ, ਰਣਜੀਤ ਕੌਰ ਭੱਟੀ, ਆਯੂਸ਼ੀ ਸ਼ਰਮਾ, ਚੰਦਰ ਸ਼ੇਖਰ ਨੰਦੀ, ਮਨਜੀਤ ਸਿੰਘ ਝੱਲਬੂਟੀ, ਬਲਵਿੰਦਰ ਨਾਰੰਗ, ਬੱਬਲਜੀਤ ਸਿੰਘ ਖਿਆਲਾ, ਪ੍ਰਵੀਨ ਗਰਗ ਟੋਨੀ, ਜਤਿੰਦਰ ਆਗਰਾ, ਮਨਜੀਤ ਸਿੰਘ ਰਾਣਾ, ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਸੁਰੇਸ਼ ਨੰਦਗੜ•ੀਆ, ਮੋਹਨ ਸਿੰਘ, ਰਜਤ ਗਰਗ, ਬਲਵਿੰਦਰ ਸਿੰਘ ਵਿੱਕੀ, ਬਲਜੀਤ ਕੌਰ ਬਰਾੜ, ਸੁਖਦਰਸ਼ਨ ਖਾਰਾ, ਪ੍ਰਕਾਸ਼ ਕੁਲਰੀਆਂ, ਭੁਪਿੰਦਰ ਡੇਲੂਆਣਾ, ਰਕੇਸ਼ ਘੱਤੂ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।
ਦਿਨ-ਦਿਹਾੜੇ ਅਕਾਲੀ ਆਗੂ ਨੂੰ ਕਤਲ ਕਰਨ ਵਾਲੇ ਦੋਸ਼ੀ ਨੇ ਫਿਰ ਕੀਤੀ ਵਾਰਦਾਤ, ਸ਼ਰੇਆਮ ਚਲਾਈਆਂ ਗੋਲੀਆਂ
NEXT STORY