ਸੰਗਰੂਰ (ਬੇਦੀ) : ਸਪੈਸ਼ਲ ਟਾਸਕ ਫੋਰਸ ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 700 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਰਵਿੰਦਰ ਭੱਲਾ ਇੰਸਪੈਕਟਰ ਇੰਚਾਰਜ ਸਪੈਸ਼ਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਐੱਸ.ਟੀ.ਐੱਫ. ਟੀਮ ਦੇ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਸਮੇਤ ਪੁਲਸ ਪਾਰਟੀ ਅਤੇ ਐੱਸ.ਟੀ.ਐੱਫ. ਦੇ ਹੋਰ ਕਰਮਚਾਰੀਆਂ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿਚ ਰੈਸਟ ਹਾਊਸ ਸੁਨਾਮ ਮੌਜੂਦ ਸਨ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਾਲਾ ਸਿੰਘ ਵਾਸੀ ਅੰਦਰਲਾ ਵਿਹੜਾ ਇੰਦਰਾਬਸਤੀ ਸੁਨਾਮ ਜੋ ਕੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਅੱਜ ਇਹ ਆਪਣੇ ਮੋਟਰਸਾਈਕਲ 'ਤੇ ਵੱਡੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਲੈ ਕੇ ਸੁਨਾਮ ਵੱਲ ਗਾਹਕਾਂ ਨੂੰ ਦੇਣ ਲਈ ਜਾਵੇਗਾ।
ਇਤਲਾਹ 'ਤੇ ਐੱਸ.ਟੀ.ਐੱਫ. ਟੀਮ ਸੰਗਰੂਰ ਨੇ ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਮੱਘਰ ਸਿੰਘ ਨਾਲ ਸ਼ਾਮਲ ਪੁਲਸ ਪਾਰਟੀ ਹੋ ਕੇ ਸੁਨਾਮ ਤੋਂ ਲਖਮੀਰਵਾਲਾ ਰੋਡ ਨੇੜੇ ਡੈਂਟਲ ਕਾਲਜ ਬਾਹੱਦ ਸੁਨਾਮ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣਿਓਂ ਮੋਟਰਸਾਈਕਲ 'ਤੇ ਸਵਾਰ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਦੇ ਮੋਟਰਸਾਈਕਲ ਦੇ ਹੈਂਡਲ 'ਤੇ ਮੋਮੀ ਲਿਫਾਫਾ ਟੰਗਿਆ ਹੋਇਆ ਸੀ ਜੋ ਪੁਲਸ ਪਾਰਟੀ ਨੂੰ ਵੇਖ ਘਬਰਾ ਗਿਆ। ਜਿਵੇਂ ਹੀ ਉਕਤ ਵਿਅਕਤੀ ਪਿੱਛੇ ਮੁੜਨ ਲੱਗਾ ਤਾਂ ਲਿਫਾਫਾ ਹੇਠਾਂ ਡਿੱਗ ਪਿਆ ਅਤੇ ਗੋਲੀਆਂ ਦੇ ਪੱਤੇ ਸੜਕ 'ਤੇ ਖਿੱਲਰ ਗਏ। ਪੁਲਸ ਪਾਰਟੀ ਨੇ ਉਕਤ ਵਿਅਕਤੀ ਨੂੰ ਮੌਕੇ 'ਤੇ 700 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਉਸ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ
ਜਾਵੇਗੀ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY