ਪਟਿਆਲਾ, (ਜੋਸਨ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਪੋਰਟਸ ਵਿਭਾਗ ਤੇ ਵਿੱਤ ਵਿਭਾਗ ਵਿਚ ਚਲ ਰਹੀ ਖਿੱਚੋਤਾਣ ਅੱਜ ਵੀ ਜਾਰੀ ਰਹੀ ।
ਵਾਈਸ ਚਾਂਸਲਰ ਵੱਲੋਂ ਬੀਤੇ ਕੱਲ ਸਸਪੈਂਡ ਕੀਤੇ ਕੈਂਪਸ ਇੰਚਾਰਜ ਡਾ. ਦਲਬੀਰ ਸਿੰਘ ਦੇ ਹੱਕ ਵਿਚ ਅੱਜ ਖਿਡਾਰੀਆਂ ਨੇ ਜ਼ੋਰਦਾਰ ਧਰਨਾ ਠੋਕਿਆ ਤੇ ਡਾ. ਦਲਬੀਰ ਸਿੰਘ ਨੂੰ ਬਹਾਲ ਕਰਨ ਦੀ ਮੰਗ ਕੀਤੀ । ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੌਕੇ ’ਤੇ ਪੁਲਸ ਕਰਮਚਾਰੀ ਵੀ ਬੁਲਾਏ ਹੋਏ ਸਨ।
®ਸਪੋਰਟਸ ਵਿਭਾਗ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਡਾ. ਦਲਬੀਰ ਦੇ ਖਿਲਾਫ਼ ਲਿਆ ਫੈਸਲਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇਨਸਾਫ ਨਹੀਂ ਹੈ ਜੇਕਰ ਡਾ. ਦਲਬੀਰ ਆਪਣੇ ਖਿਡਾਰੀਆਂ ਦੇ ਹੱਕ ਵਿਚ ਨਹੀਂ ਖਡ਼੍ਹਨਗੇ ਤਾਂ ਕੌਣ ਖਡ਼੍ਹੇਗਾ । ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਕਾਰਵਾਈ ਤਾਂ ਵਿੱਤ ਵਿਭਾਗ ਦੇ ਖਿਲਾਫ ਹੋਣੀ ਚਾਹੀਦੀ ਹੈ ।
ਦਰਜਨਾਂ ਪ੍ਰਿੰਸੀਪਲ ਤੇ ਡਾਇਰੈਕਟਰ ਸਪੋਰਟਸ ਵੀ ਡਟੇ ਡਾ. ਦਲਬੀਰ ਦੇ ਹੱਕ ’ਚ
ਡਾ. ਦਲਬੀਰ ਦੇ ਹੱਕ ਵਿਚ ਅੱਜ ਸਪੋਰਟਸ ਵਿਭਾਗ ਦੀ ਡਾਇਰੈਕਟਰ ਡਾ. ਗੁਰਦੀਪ ਕੌਰ ਤੇ ਦਰਜਨਾਂ ਕਾਲਜਾਂ ਦੇ ਪ੍ਰਿੰਸੀਪਲ ਵੀ ਡਟ ਗਏ ਹਨ, ਇਨਾਂ ਨੇ ਵੀ.ਸੀ. ਡਾ. ਬੀ.ਐੱਸ. ਘੁੰਮਣ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਡਾਇਰੈਕਟਰ ਡਾ. ਗੁਰਦੀਪ ਕੌਰ ਨੇ ਵੀ.ਸੀ. ਨੂੰ ਵਿਭਾਗ ਦੀ ਅਨੇਕਾਂ ਪ੍ਰੇਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਲਜ ਪ੍ਰਿੰਸੀਪਲਾਂ ਨੇ ਵੀ ਦਲਬੀਰ ਨੂੰ ਸਸਪੈਂਡ ਕਰਨ ਦੇ ਮਾਮਲੇ ’ਤੇ ਅਫ਼ਸੋਸ ਜਤਾਇਆ ਜਿਸ ਦੇ ਬਾਅਦ ਵੀ.ਸੀ. ਡਾ. ਘੁੰਮਣ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਮਾਮਲੇ ’ਤੇ ਫ਼ੈਸਲਾ ਲਿਆ ਜਾਵੇਗਾ।
25 ਦਿਨ ਦਫ਼ਤਰ ’ਚ ਪੈਂਡਿੰਗ ਰਹੀ ਫਾਈਲ
ਸਪੋਰਟਸ ਵਿਭਾਗ ਦੀ ਡਾਇਰੈਕਟਰ ਡਾ. ਗੁਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਸਤੰਬਰ ਮਹੀਨੇ ਦੇ ਸ਼ੁਰੂ ਵਿਚ ਐਡਵਾਂਸ ਫੰਡ ਲੈਣ ਲਈ ਸਬੰਧਤ ਫਾਈਲ ਫਾਇਨਾਂਸ ਵਿਭਾਗ ਨੂੰ ਭੇਜੀ ਸੀ ਪਰ ਫਾਈਲ ਦੀ ਕਲੀਅਰੈਂਸ ਨਹੀਂ ਹੋਈ ਪਰ ਜਦੋਂ ਖਿਡਾਰੀਆਂ ਨੇ 26 ਸਤੰਬਰ ਨੂੰ ਪ੍ਰਦਰਸ਼ਨ ਕੀਤਾ ਤਾਂ ਫਾਈਲ ’ਤੇ ਲੱਗੇ ਸਾਰੇ ਆਬਜੈਕਸ਼ਨ ਕਲੀਅਰ ਹੋ ਗਏ ਅਤੇ ਨਾਲ ਹੀ ਸ਼ਾਮ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਫੰਡ ਜਾਰੀ ਕਰ ਦਿੱਤਾ। ਇਸ ਤੋਂ ਸਾਫ਼ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਖੁਦ ਸਪੋਰਟਸ ਵਿਭਾਗ ਨੂੰ ਸੰਘਰਸ਼ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਅਧਿਆਪਕਾਂ ਵਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ
NEXT STORY