ਬਠਿੰਡਾ/ਫਰੀਦਕੋਟ, (ਜਗਤਾਰ ਸਿੰਘ)- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਦੇ ਐੱਸ.ਐੱਸ.ਪੀ. ਅਧਿਕਾਰ ਖੇਤਰ ਵਿੱਚ ਇੱਕ ਦਲਿਤ ਨਾਬਾਲਿਗ ਵਿਦਿਆਰਥਣ ਨੂੰ ਸਕੂਲ ਦੇ ਗੇਟ ਤੋਂ ਅਗਵਾ ਕਰਨ ਦੀ ਕੋਸ਼ਿਸ਼ ਅਤੇ ਉਸ ਨਾਲ ਕਰੂਰਤਾ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 8:30 ਵਜੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਦੇ ਸਰਕਾਰੀ ਸਕੂਲ ਦੇ ਬਾਹਰ ਵਾਪਰੀ।
ਜਾਣਕਾਰੀ ਮੁਤਾਬਕ, ਪੀੜਤ ਵਿਦਿਆਰਥਣ, ਜੋ ਫਰੀਦਕੋਟ ਦੇ ਪਿੰਡ ਡੋਡ ਦੀ ਰਹਿਣ ਵਾਲੀ ਹੈ ਅਤੇ 12ਵੀਂ ਜਮਾਤ ਵਿੱਚ ਪੜ੍ਹਦੀ ਹੈ, ਜਦੋਂ ਬੱਸ ਤੋਂ ਉਤਰ ਕੇ ਸਕੂਲ ਅੰਦਰ ਦਾਖਲ ਹੋਣ ਲੱਗੀ ਤਾਂ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਵੱਲੋਂ ਵਿਰੋਧ ਕੀਤੇ ਜਾਣ 'ਤੇ ਕਥਿਤ ਅਗਵਾਕਾਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਦੇ ਗੁਪਤ ਅੰਗਾਂ ਨਾਲ ਵੀ ਕਰੂਰਤਾ ਵਰਤੀ ਗਈ। ਲੋਕਾਂ ਦੇ ਇਕੱਠੇ ਹੋਣ ਕਾਰਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੀੜਤਾ ਇਸ ਸਮੇਂ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਲੜਕੇ ਉਸ ਦੀ ਧੀ ਨੂੰ ਅਕਸਰ ਤੰਗ-ਪ੍ਰੇਸ਼ਾਨ ਕਰਦੇ ਸਨ। ਪਰਿਵਾਰ ਨੇ ਦੋਸ਼ ਲਾਇਆ ਕਿ ਭਗਤਾ ਭਾਈਕਾ ਪੁਲਸ ਥਾਣੇ ਵਿੱਚ ਸ਼ਿਕਾਇਤ ਕਰਨ ਦੇ ਬਾਵਜੂਦ, ਦੋ-ਤਿੰਨ ਦਿਨ ਬੀਤ ਜਾਣ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪਿੰਡ ਵਾਸੀਆਂ ਨੇ ਇਸ ਗਰੀਬ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਮਾਮਲਾ ਸਿਆਸੀ ਤੌਰ 'ਤੇ ਵੀ ਚਰਚਾ ਵਿੱਚ ਹੈ ਕਿਉਂਕਿ ਜਿਸ ਖੇਤਰ ਵਿੱਚ ਇਹ ਵਾਰਦਾਤ ਹੋਈ, ਉੱਥੋਂ ਦੀ ਕਮਾਨ ਸਿੱਖਿਆ ਮੰਤਰੀ ਦੀ ਪਤਨੀ (ਐੱਸ.ਐੱਸ.ਪੀ.) ਕੋਲ ਹੈ, ਫਿਰ ਵੀ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ, ਤਫਤੀਸ਼ੀ ਅਧਿਕਾਰੀ ਏ.ਐੱਸ.ਆਈ. ਗੁਰਤੇਜ ਸਿੰਘ ਨੇ ਕਿਹਾ ਕਿ ਪੁਲਸ ਲੜਕੀ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਸਕੂਲ ਪ੍ਰਬੰਧਕਾਂ ਵੱਲੋਂ ਵੀ ਹਾਲੇ ਤੱਕ ਕੋਈ ਰਸਮੀ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ।
ਪਰਗਟ ਸਿੰਘ ਨੇ ਮਣੀਪੁਰ 'ਚ ਸ਼ਹੀਦ ਹੋਏ ਗੁਰਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਨਮਨ
NEXT STORY