ਗੁਹਾਟੀ (ਵਾਰਤਾ)- ਆਸਾਮ ਪੁਲਸ ਨੇ ਗੋਲਪਾੜਾ ਤੋਂ ਅਲਕਾਇਦਾ ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮੋਰਨੋਈ ਥਾਣੇ ਅਧੀਨ ਤਿਨਕੁਨੀਆ ਸ਼ਾਂਤੀਪੁਰ ਮਸਜਿਦ ਦੇ ਇਮਾਮ ਅਬਦੁਸ ਸੁਭਾਨ ਅਤੇ ਗੋਲਪਾੜਾ ਦੇ ਮਟੀਆ ਥਾਣੇ ਅਧੀਨ ਤਿਲਪਾੜਾ ਨਤੂਨ ਮਸਜਿਦ ਦੇ ਇਮਾਮ ਜਲਾਲੂਦੀਨ ਸ਼ੇਖ ਵਜੋਂ ਹੋਈ ਹੈ।
ਗੋਲਪਾੜਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਰਾਕੇਸ਼ ਰੈੱਡੀ ਨੇ ਦੱਸਿਆ ਕਿ ਦੋਵਾਂ ਸ਼ੱਕੀਆਂ ਨੂੰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਸਾਨੂੰ ਇਸ ਸਾਲ ਜੁਲਾਈ ਵਿੱਚ ਗ੍ਰਿਫਤਾਰ ਕੀਤੇ ਗਏ ਅੱਬਾਸ ਅਲੀ ਤੋਂ ਇਨਪੁਟ ਮਿਲਿਆ ਜੋ ਜੇਹਾਦੀ ਤੱਤਾਂ ਨਾਲ ਵੀ ਜੁੜਿਆ ਹੋਇਆ ਹੈ। ਪੁੱਛਗਿੱਛ ਦੌਰਾਨ ਅਸੀਂ ਪਾਇਆ ਕਿ ਉਹ ਆਸਾਮ ਵਿੱਚ ਬਾਰਪੇਟਾ ਅਤੇ ਮੋਰੀਗਾਂਵ ਮਾਡਿਊਲਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ ਅਲ-ਕਾਇਦਾ ਤੇ ਜੇਹਾਦੀ ਅਨਸਰਾਂ ਨਾਲ ਜੁੜੀਆਂ ਕਈ ਅਪਰਾਧਿਕ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪੋਸਟਰ, ਕਿਤਾਬਾਂ, ਮੋਬਾਈਲ ਫੋਨ, ਸਿਮ ਕਾਰਡ, ਆਈ.ਡੀ, ਕਾਰਡ ਅਤੇ ਹੋਰ ਦਸਤਾਵੇਜ਼ ਸ਼ਾਮਲ ਹਨ। ਮੁਲਜ਼ਮਾਂ ਨੇ ਬੰਗਲਾਦੇਸ਼ ਤੋਂ ਇੱਥੇ ਆਏ ਜੇਹਾਦੀ ਅੱਤਵਾਦੀਆਂ ਨੂੰ ਪਨਾਹ ਵੀ ਦਿੱਤੀ ਸੀ।
ਦਿੱਲੀ: ਜੰਤਰ-ਮੰਤਰ ’ਤੇ ਕਿਸਾਨਾਂ ਦੀ ‘ਮਹਾਪੰਚਾਇਤ’, ਪੁਲਸ ਨੇ ਸੁਰੱਖਿਆ ਕੀਤੀ ਸਖ਼ਤ
NEXT STORY